ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 12 ਸਤੰਬਰ
ਏਅਰਪੋਰਟ ਦੀ ਪੁਲੀਸ ਨੇ ਧੋਖੇ ਨਾਲ ਯਾਤਰੀਆਂ ਕੋਲੋਂ ਜਾਅਲਸਾਜ਼ੀ ਨਾਲ ਡਾਲਰ ਲੁੱਟਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਧਰਮਿੰਦਰ ਸਿੰਘ ਅਤੇ ਰੋਸ਼ਨ ਸਿੰਘ ਵਜੋਂ ਹੋਈ। ਇਨ੍ਹਾਂ ਦੋਵਾਂ ਵਿਅਕਤੀਆਂ ਕੋਲੋਂ ਪੁਲੀਸ ਨੇ 10 ਹਜ਼ਾਰ ਅਮਰੀਕੀ ਡਾਲਰ, 855 ਆਸਟਰੇਲੀਅਨ ਡਾਲਰ, 550 ਕੈਨੇਡੀਅਨ ਡਾਲਰ, 200 ਯੂਰੋ ਅਤੇ 6200 ਰੁਪਏ ਭਾਰਤੀ ਕਰੰਸੀ ਸਮੇਤ ਕਾਰ ਬਰਾਮਦ ਕੀਤੀ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਏਅਰਪੋਰਟ ਵਿੱਚ ਬੀਐੱਨਐੱਸ ਦੀ ਧਾਰਾ 318 (4), 336(2),340(2),336(3), 61(2) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਏਡੀਸੀਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਅੰਬਾਲਾ ਵਾਸੀ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ। ਉਸਨੇ ਦੱਸਿਆ ਕਿ 5 ਸਤੰਬਰ ਨੂੰ ਉਹ ਅਤੇ ਉਸ ਦਾ ਸਾਥੀ ਹਰਦੀਪ ਸਿੰਘ ਵਾਸੀ ਗੜ੍ਹਸ਼ੰਕਰ, ਅੰਮ੍ਰਿਤਸਰ ਹਵਾਈ ਅੱਡੇ ’ਤੇ ਆਏ ਸਨ। ਉਨ੍ਹਾਂ ਨਾਲ ਏਜੰਟ ਗੋਪਾਲ ਸ਼ਰਮਾ ਵਾਸੀ ਗੜ੍ਹਸ਼ੰਕਰ ਵੀ ਸੀ, ਜਿਸ ਨੇ ਉਨ੍ਹਾਂ ਦੋਵਾਂ ਨੂੰ ਕੈਨੇਡਾ ਭੇਜਣਾ ਸੀ। ਏਜੰਟ ਨੇ ਉਨ੍ਹਾਂ ਦੋਵਾਂ ਨੂੰ ਧਰਮਿੰਦਰ ਸਿੰਘ ਅਤੇ ਰੋਸ਼ਨ ਸਿੰਘ ਨਾਂ ਦੇ ਦੋ ਵਿਅਕਤੀਆਂ ਨਾਲ ਮਿਲਾਇਆ , ਜੋ ਸਵੇਰੇ ਹਵਾਈ ਉਡਾਣ ਲਈ ਜਾਣ ਤੋਂ ਪਹਿਲਾਂ ਹਵਾਈ ਅੱਡੇ ਨੇੜੇ ਇੱਕ ਢਾਬੇ ’ਚ ਮਿਲੇ । ਏਜੰਟ ਨੇ ਦੋਵਾਂ ਦੇ ਡਾਲਰ ਅਤੇ ਨਕਦੀ ਇੱਕ ਬੈਗ ਵਿੱਚ ਇਕੱਠੇ ਕਰਵਾ ਦਿੱਤੇ। ਜਦੋਂ ਉਹ ਹਵਾਈ ਅੱਡੇ ਪੁੱਜੇ ਤਾਂ ਉਨ੍ਹਾਂ ਨੂੰ ਕਾਰ ਵਿੱਚੋਂ ਉਤਾਰਨ ਮਗਰੋਂ ਵੀਆਈਪੀ ਗੇਟ ਵਿੱਚ ਸਾਮਾਨ ਲੈ ਕੇ ਪੁੱਜਣ ਲਈ ਕਿਹਾ ਪਰ ਉਹ ਆਪ ਧੋਖੇ ਨਾਲ ਉਨ੍ਹਾਂ ਦਾ ਡਾਲਰ ਤੇ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਕੋਲੋਂ ਇਹ ਕਰੰਸੀ ਵੀ ਬਰਾਮਦ ਕਰ ਲਈ ਹੈ।
ਦੋ ਵਿਅਕਤੀ 19 ਲੱਖ ਰੁਪਏ ਤੇ 900 ਡਾਲਰ ਸਮੇਤ ਕਾਬੂ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਕੌਮੀ ਮਾਰਗ ’ਤੇ ਸਥਿਤ ਹਾਈਟੈਕ ਨਾਕੇ ’ਤੇ ਪੁਲੀਸ ਨੇ ਇੱਕ ਕਾਰ ਦੀ ਚੈਕਿੰਗ ਦੌਰਾਨ ਦੋ ਵਿਅਕਤੀਆਂ ਕੋਲੋਂ ਲੱਖਾਂ ਰੁਪਏ ਅਤੇ ਅਮਰੀਕੀ ਡਾਲਰ ਬਰਾਮਦ ਕੀਤੇ। ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਟਾਂਡਾ ਸ਼ਹਿਰ ਵੱਲੋਂ ਆ ਰਹੀ ਕਾਰ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਉਸ ਵਿੱਚੋਂ 18 ਲੱਖ 70000 ਰੁਪਏ ਅਤੇ 900 ਅਮਰੀਕੀ ਡਾਲਰ ਬਰਾਮਦ ਹੋਏ। ਕਾਰ ਸਵਾਰਾਂ ਦੀ ਪਛਾਣ ਅੰਸ਼ਕ ਤਰੇਹਣ ਵਾਸੀ ਸ਼ਰਣਮ ਕਲੋਨੀ ਪਠਾਨਕੋਟ ਅਤੇ ਅਭਿਸ਼ੇਕ ਕੁਮਾਰ ਵਾਸੀ ਗਲੀ ਨੰਬਰ 1 ਸ਼ਰਨ ਪਠਾਨਕੋਟ ਵਜੋਂ ਹੋਈ। ਪੁਲੀਸ ਇੰਸਪੈਕਟਰ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਤੋਂ ਇੰਨੀ ਜ਼ਿਆਦਾ ਰਕਮ ਬਾਰੇ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਜਿਸ ਕਰਕੇ ਇਹ ਸਾਰਾ ਮਾਮਲਾ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਸੁਪਰਦ ਕਰ ਦਿੱਤਾ।