ਪੱਤਰ ਪ੍ਰੇਰਕ
ਮੁਕੇਰੀਆਂ, 12 ਸਤੰਬਰ
ਪਾਵਰਕੌਮ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਆਖਰੀ ਦਿਨ ਸਮੂਹਿਕ ਛੁੱਟੀ ’ਤੇ ਚੱਲ ਰਹੇ ਮੁਲਾਜ਼ਮਾਂ ਵੱਲੋਂ ਮੰਡਲ ਮੁਕੇਰੀਆਂ ਵਿੱਚ ਰੋਸ ਰੈਲੀ ਕਰਦਿਆਂ ਭਲਕ ਤੋਂ ਮੁੜ ਛੁੱਟੀ ’ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਅੱਜ ਦੇ ਇਸ ਰੋਸ ਧਰਨੇ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਜਗਦੀਸ਼ ਸਿੰਘ ਗੁੰਨੋਪੁਰ, ਸੁਰਜੀਤ ਕੁਮਾਰ ਤੇ ਅਸ਼ਵਨੀ ਕੁਮਾਰ ਨੇ ਕੀਤੀ। ਮੁਕੇਰੀਆਂ, ਭੰਗਾਲਾ, ਦਾਤਾਰਪੁਰ, ਹਾਜੀਪੁਰ ਤੇ ਤਲਵਾੜਾ ਉੱਪ ਮੰਡਲਾਂ ਦੇ ਸਮੂਹ ਮੁਲਾਜ਼ਮਾਂ ਦੀ ਰੈਲੀ ਵਿੱਚ ਐਂਪਲਾਈਜ਼ ਫੈਡਰੇਸ਼ਨ ਦੇ ਸੁਬਾਈ ਵਿੱਤ ਸਕੱਤਰ ਇੰਜੀਨੀਅਰ ਮਨਜੀਤ ਸਿੰਘ, ਸਰਕਲ ਪ੍ਰਧਾਨ ਇੰਜੀਨੀਅਰ ਤਰਲੋਚਨ ਸਿੰਘ, ਬੀਐਮਐਸ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ, ਜੁਆਇੰਟ ਫੋਰਮ ਦੇ ਮੈਂਬਰ ਲਖਵਿੰਦਰ ਸਿੰਘ ਅਤੇ ਪੈਨਸ਼ਨਰਾਂ ਦੇ ਮੰਡਲ ਪ੍ਰਧਾਨ ਬਲਵਿੰਦਰ ਸਿੰਘ ਪਨਖੂਹ ਨੇ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਬਿਜਲੀ ਮੰਤਰੀ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ। ਆਗੂਆਂ ਨੇ ਅਗਲੇ 13 ਤੋਂ 17 ਸਤੰਬਰ ਤੱਕ ਮੁੜ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ।
ਕਾਹਨੂੰਵਾਨ (ਪੱਤਰ ਪ੍ਰੇਰਕ): ਬਿਜਲੀ ਮੁਲਾਜ਼ਮਾਂ ਵੱਲੋਂ ਭਖਦੀਆਂ ਮੰਗਾਂ ਨੂੰ ਲੈ ਕੇ ਅੱਜ ਬਾਜ਼ਾਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਬੰਧੀ ਮੁਲਾਜ਼ਮ ਆਗੂ ਸੁਰਿੰਦਰ ਸਿੰਘ ਗਿੱਲ, ਰਣਜੀਤ ਸਿੰਘ ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਲੰਮਾ ਸੰਘਰਸ਼ ਲੜਨ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਡੀਆਂ 20 ਦੇ ਕਰੀਬ ਮੰਗਾਂ ਮੰਨ ਲਈਆਂ ਸਨ ਪਰ ਸਰਕਾਰ ਵੱਲੋਂ ਇਹ ਮੰਨੀਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਸਰਕਾਰ ਦੀ ਬੇਰੁਖ਼ੀ ਕਾਰਨ ਉਨ੍ਹਾਂ ਨੂੰ ਫਿਰ ਤੋਂ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ।
ਤਰਨ ਤਾਰਨ (ਪੱਤਰ ਪ੍ਰੇਰਕ): ਬਿਜਲੀ ਮੁਲਾਜ਼ਮਾਂ ਨੇ ਅੱਜ ਆਪਣਾ ਕੰਮ ਬੰਦ ਕਰ ਕੇ ਅਦਾਰੇ ਦੇ ਸਰਕਲ ਦੇ ਦਫਤਰ ਸਾਹਮਣੇ ਦਿਨ ਭਰ ਲਈ ਧਰਨਾ ਦਿੱਤਾ| ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਬਿਜਲੀ ਸਪਲਾਈ ਦੀ ਹਾਲਤ ਤਰਸਯੋਗ ਬਣਦੀ ਜਾ ਰਹੀ ਹੈ| ਇਕੱਤਰ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਸਰਹੱਦੀ ਖੇਤਰ ਅੰਦਰ ਖਾਲੜਾ, ਖੇਮਕਰਨ , ਵਲਟੋਹਾ, ਭਿੱਖੀਵਿੰਡ, ਪੱਟੀ, ਹਰੀਕੇ, ਖਡੂਰ ਸਾਹਿਬ, ਚੋਹਲਾ ਸਾਹਿਬ, ਸਰਾਏ ਅਮਾਨਤ ਖਾਂ, ਨੌਸ਼ਹਿਰਾ ਪੰਨੂੰਆਂ ਆਦਿ ਤੋਂ ਇਲਾਵਾ ਹੋਰਨਾਂ ਥਾਵਾਂ ਤੋਂ ਵੀ ਬਿਜਲੀ ਦੇ ਬੰਦ ਰਹਿਣ ਦੀਆਂ ਖਬਰਾਂ ਮਿਲੀਆਂ ਹਨ। ਉੱਧਰ ਮੁਲਾਜ਼ਮਾਂ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਅੱਜ ਮੀਟਿੰਗ ਕਰਕੇ ਆਪਣੀ ਸਮੂਹਿਕ ਛੁੱਟੀ 17 ਸਤੰਬਰ ਤੱਕ ਵਧਾਉਣ ਦਾ ਐਲਾਣ ਕੀਤਾ ਹੈ|
ਧਾਰੀਵਾਲ (ਪੱਤਰ ਪ੍ਰੇਰਕ): ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਸਮੂਹਿਕ ਛੁੱਟੀ ਲੈ ਕੇ ਅੱਜ ਤੀਜੇ ਦਿਨ ਬਿਜਲੀ ਮੁਲਾਜ਼ਮਾਂ ਵੱਲੋਂ ਇੱਥੇ ਪਾਵਰਕੌਮ ਡਿਵੀਜ਼ਨ ਐਕਸੀਅਨ ਦਫਤਰ ਧਾਰੀਵਾਲ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਡਿਵੀਜ਼ਨ ਪ੍ਰਧਾਨ ਗੁਰਦੀਪ ਸਿੰਘ ਅਤੇ ਸਬ ਡਵੀਜ਼ਨ ਪ੍ਰਧਾਨ ਦਵਿੰਦਰ ਸਿੰਘ ਵੜੈਚ ਦੀ ਅਗਵਾਈ ਹੇਠ ਦਿੱਤੇ ਧਰਨੇ ਵਿੱਚ ਧਾਰੀਵਾਲ ਡਿਵੀਜ਼ਨ ਅਧੀਨ ਪੈਂਦੀਆਂ ਚਾਰ ਸਬ ਡਿਵੀਜ਼ਨਾਂ, ਸਬ ਡਿਵੀਜ਼ਨ ਧਾਰੀਵਾਲ, ਸਬ ਡਿਵੀਜਨ ਡੇਹਰੀਵਾਲ ਦਰੋਗਾ, ਸਬ ਡਿਵੀਜ਼ਨ ਨੌਸ਼ਹਿਰਾ ਮੱਝਾ ਸਿੰਘ ਅਤੇ ਸਬ ਡਿਵੀਜ਼ਨ ਕਲਾਨੌਰ ਦੇ ਬਿਜਲੀ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।