ਦੀਪਕ ਠਾਕੁਰ
ਤਲਵਾੜਾ,12 ਸਤੰਬਰ
ਇੱਥੇ ਸ਼ਾਹ ਨਹਿਰ ਬੈਰਾਜ਼ ਦੇ ਨਜ਼ਦੀਕ ਨਿਰਮਾਣ ਅਧੀਨ ਬਹੁਕਰੋੜੀ ਸਰਫ਼ੇਸ ਵਾਟਰ ਪ੍ਰਾਜੈਕਟ ਦੇ ਨਿਰੀਖਣ ਲਈ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦੀ ਅਗਵਾਈ ਹੇਠ ਬਣੀ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਪੁੱਜੀ। ਸਥਾਨਕ ਕਾਰਜਕਾਰੀ ਇੰਜਨੀਅਰ ਅਨੁਜ ਸ਼ਰਮਾ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਵੱਲੋਂ 258.73 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਸਰਫੇਸ ਵਾਟਰ ਪ੍ਰਾਜੈਕਟ ਤਲਵਾੜਾ ਦਾ ਨਿਰੀਖਣ ਕੀਤਾ ਗਿਆ। ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਦੀ ਅਗਵਾਈ ਹੇਠ ਵਿਧਾਇਕਾਂ ਦੀ ਬਣੀ ਕਮੇਟੀ ਨੇ ਪ੍ਰਾਜੈਕਟ ਦੇ ਕੰਮਕਾਜ ਦੀ ਸਮੀਖਿਆ ਕੀਤੀ। ਕਾਰਜਕਾਰੀ ਇੰਜਨੀਅਰ ਅਨੁਜ ਸ਼ਰਮਾ ਨੇ ਦਸਿਆ ਕਿ ਇਸ ਪ੍ਰਾਜਕੈਟ ਰਾਹੀਂ ਨਹਿਰੀ ਪਾਣੀ ਨੂੰ ਸੋਧ ਕੇ ਕੰਢੀ ਦੇ ਕਰੀਬ 197 ਪਿੰਡਾਂ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਸ ਪ੍ਰਾਜਕੈਟ ਨੂੰ ਦਸੰਬਰ 2025 ਵਿੱਚ ਪੂਰਾ ਕਰਨ ਟੀਚਾ ਮਿਥਿਆ ਗਿਆ ਹੈ। ਲਗਭਗ 55 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ, ਰਹਿੰਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਡਿਪਟੀ ਸਪੀਕਰ ਰੌੜੀ ਨੇ ਅਧਿਕਾਰੀਆਂ ਨੂੰ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਗੁਤਵੱਤਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਹਲਕਾ ਵਿਧਾਇਕ ਐਡ ਕਰਮਬੀਰ ਘੁੰਮਣ ਤੇ ਵਿਧਾਇਕ ਨਰੇਸ਼ ਪੁਰੀ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ, ਐਸਡੀਐਮ ਦਸੂਹਾ ਪ੍ਰਦੀਪ ਬੈਂਸ, ਨਾਇਬ ਤਹਿਸੀਲ ਤਲਵਾੜਾ ਕਸ਼ਿਸ਼ ਗਰਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਚੀਫ਼ ਇੰਜਨੀਅਰ ਜਸਵੀਰ ਸਿੰਘ, ਨਿਗਰਾਨ ਇੰਜਨੀਅਰ ਨਰਿੰਦਰ ਸਿੰਘ ਹੁਸ਼ਿਆਰਪੁਰ, ਵਿਭਾਗ ਦੇ ਸਥਾਨਕ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।