ਪੱਤਰ ਪ੍ਰੇਰਕ
ਜਲੰਧਰ, 12 ਸਤੰਬਰ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਮਾਰਟ ਸਿਟੀ ਮਿਸ਼ਨ ਤਹਿਤ ਗਠਿਤ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਇਸ ਮੌਕੇ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਸਮੇਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਰਟ ਸਿਟੀ ਅਧੀਨ ਚੱਲ ਰਹੇ ਪ੍ਰਾਜੈਕਟਾਂ ਨੂੰ ਨਿਰਧਾਰਤ ਸਮੇਂ ਅੰਦਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਂਦੀ ਜਾਵੇ। ਮੀਟਿੰਗ ਦੌਰਾਨ ਕਾਲਾ ਸੰਘਿਆ ਡਰੇਨ ਦੀ ਮੁੜ ਸੁਰਜੀਤੀ ਤੇ ਸੁੰਦਰੀਕਰਨ, ਬਾਇਓ ਰੈਮੇਡੀਏਸ਼ਨ, ਸਰਫੇਸ ਵਾਟਰ ਪ੍ਰਾਜੈਕਟ, ਸਾਈਨੇਜ ਬੋਰਡਾਂ ਦੀ ਸਥਾਪਨਾ, ਸਪੋਰਟਸ ਹੱਬ ਪ੍ਰਾਜੈਕਟ, ਸਮਾਰਟ ਪੁਲਿਸਿੰਗ ਪ੍ਰਾਜੈਕਟ, ਸ਼ਹਿਰ ਦੇ ਦਾਖ਼ਲਾ ਪੁਆਇੰਟਾਂ ਦਾ ਸੁੰਦਰੀਕਰਨ ਅਤੇ ਕਈ ਡਿਪੋਜ਼ਿਟ ਕਾਰਜਾਂ ਦਾ ਜਾਇਜ਼ਾ ਵੀ ਲਿਆ ਗਿਆ। ਡਾ. ਅਗਰਵਾਲ ਨੇ ਸਮਾਰਟ ਸਿਟੀ ਤਹਿਤ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਅਤੇ ਹੋਰ ਕੰਮਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਤਹਿਤ ਇੰਟੈਗਰੇਟਿਡ ਕਮਾਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਪ੍ਰਾਜੈਕਟ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ, ਜਿਸ ਨਾਲ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਵਿੱਚ ਮਦਦ ਮਿਲੇਗੀ।