ਆਤਿਸ਼ ਗੁਪਤਾ
ਚੰਡੀਗੜ੍ਹ, 12 ਸਤੰਬਰ
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ’ਤੇ ਚੋਣਾਂ ਲਈ 1700 ਤੋਂ ਵੱਧ ਉਮੀਦਵਾਰ ਚੋਣ ਮੈਦਾਨ ’ਚ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਆਖਰੀ ਦਿਨ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਪੋਤੀ ਸ਼ਰੂਤੀ ਚੌਧਰੀ (ਭਾਜਪਾ) ਨੇ ਤੋਸ਼ਾਮ, ਕਾਂਗਰਸ ਦੇ ਰਾਜ ਸਬਾ ਮੈਂਬਰ ਰਣਦੀਪ ਸੁਰਜੇਵਾਲਾ ਦੇ ਪੁੱਤਰ ਅਦਿੱਤਿਆ ਸੁਰਜੇਵਾਲਾ ਨੇ ਕੈਥਲ, ਇਨੈਲੋ ਦੇ ਅਭੈ ਚੌਟਾਲਾ ਨੇ ਏਲਨਾਬਾਦ ਅਤੇ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ (ਕਾਂਗਰਸ) ਨੇ ਪੰਚਕੂਲਾ ਤੋਂ ਕਾਗਜ਼ ਭਰੇ। ਸੂਬੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਆਪੋ-ਆਪਣੇ ਹਲਕਿਆਂ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਚੌਧਰੀ ਉਦੈ ਭਾਨ ਦੀ ਅਗਵਾਈ ਹੇਠ ਹਥੀਨ ਤੋਂ ਮੁਹੰਮਦ ਇਸਰਾਈਲ ਨੇ ਆਪਣੇ ਕਾਗਜ਼ ਭਰੇ। ਇਸੇ ਤਰ੍ਹਾਂ ਭਾਜਪਾ ਦੇ ਅਨਿਲ ਯਾਦਵ ਨੇ ਕੋਸਲੀ, ਨੀਲੋਖੇੜੀ ਤੋਂ ਭਗਵਾਨ ਦਾਸ, ਅਸੰਧ ਤੋਂ ਯੋਗਿੰਦਰ ਰਾਣਾ, ਜੁਲਾਨਾ ਤੋਂ ਮੋਹਨ ਲਾਲ ਬਡੌਲੀ, ਗੋਹਾਣਾ ਤੋਂ ਡਾ. ਅਰਵਿੰਦ ਸ਼ਰਮਾ, ਸਮਾਲਖਾ ਤੋਂ ਮਨਮੋਹਨ ਬਡਾਣਾ ਸਣੇ ਪਾਰਟੀ ਦੇ ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸੇ ਤਰ੍ਹਾਂ ‘ਆਪ’ ਦੇ ਸੀਨੀਅਰ ਆਗੂ ਰਾਘਵ ਚੱਢਾ ਦੀ ਦੇਖ-ਰੇਖ ਹੇਠ ਅਸੰਧ ਤੋਂ ਅਮਨਦੀਪ ਜੁੰਡਲਾ ਨੇ ਕਾਗਜ਼ ਭਰੇ। ਅੱਜ ਸਵੇਰੇ ਕਾਂਗਰਸ ਨੇ ਅੱਠ ਹੋਰ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ। ਪਾਰਟੀ ਨੇ 89 ਉਮੀਦਵਾਰ ਮੈਦਾਨ ’ਚ ਉਤਾਰ ਹਨ, ਜਦਕਿ ਇਕ ਸੀਟ ਸੀਪੀਐੱਮ ਲਈ ਛੱਡੀ ਹੈ। ਕਾਂਗਰਸ ਨੇ ਅੰਬਾਲਾ ਕੈਂਟ ਤੋਂ ਪਰਿਮਲ ਪਰੀ, ਪਾਣੀਪਤ ਦਿਹਾਤੀ ਤੋਂ ਸਚਿਨ ਕੁੰਡੂ, ਨਰਵਾਣਾ (ਰਾਵਖੇਂ) ਤੋਂ ਸਤਬੀਰ ਦਬਲੈਨ, ਰਾਣੀਆਂ ਤੋਂ ਸਰਵ ਮਿੱਤਰਾ, ਤਿਗਾਓਂ ਤੋਂ ਰੋਹਿਤ ਨਾਗਰ, ਉਕਲਾਨਾ (ਰਾਖਵੀਂ) ਤੋਂ ਨਰੇਸ਼ ਸੈਲਵਾਲ, ਨਾਰਨੌਂਦ ਤੋਂ ਜਸਬੀਰ ਸਿੰਘ ਅਤੇ ਸੋਹਨਾ ਤੋਂ ਰੋਹਤਾਸ਼ ਖਟਾਨਾ ਨੂੰ ਉਮੀਦਵਾਰ ਐਲਾਨਿਆ ਹੈ। ਪਾਰਟੀ ਨੇ ਭਿਵਾਨੀ ਸੀਟ ਸੀਪੀਆਈ (ਐੱਮ) ਨੂੰ ਦਿੱਤੀ ਹੈ।
ਭਾਜਪਾ ਅਤੇ ਕਾਂਗਰਸ ਵਿੱਚ ਬਗ਼ਾਵਤ ਜ਼ੋਰਾਂ ’ਤੇ
ਹਰਿਆਣਾ ਵਿੱਚ ਭਾਜਪਾ ਅਤੇ ਕਾਂਗਰਸ ਵੱਲੋਂ ਟਿਕਟਾਂ ਦੀ ਵੰਡ ਤੋਂ ਬਾਅਦ ਬਗ਼ਾਵਤ ਸਿਖ਼ਰਾਂ ’ਤੇ ਪਹੁੰਚ ਗਈ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਆਖਰੀ ਦਿਨ ਭਾਜਪਾ ਅਤੇ ਕਾਂਗਰਸ ਦੇ ਕਈ ਆਗੂਆਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਵਿੱਚ ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਸਾਵਿੱਤਰੀ ਜਿੰਦਲ ਨੇ ਭਾਜਪਾ ਵੱਲੋਂ ਟਿਕਟ ਕੱਟੇ ਜਾਣ ’ਤੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਾਬਕਾ ਮੀਡੀਆ ਸਲਾਹਕਾਰ ਰਾਜੀਵ ਜੈਨ ਨੇ ਸੋਨੀਪਤ ਅਤੇ ਸਾਬਕਾ ਵਿਧਾਇਕ ਦਿਨੇਸ਼ ਕੌਸ਼ਿਕ ਨੇ ਪੁੰਡਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਕਾਂਗਰਸ ਵੱਲੋਂ ਅੰਬਾਲਾ ਕੈਂਟ ਤੋਂ ਚਿਤਰਾ ਸਰਵਾਰਾ ਦਾ ਟਿਕਟ ਕੱਟੇ ਜਾਣ ’ਤੇ ਉਸ ਨੇ ਆਪਣੇ ਪਿਤਾ ਵਿਰੁੱਧ ਆਜ਼ਾਦ ਤੌਰ ’ਤੇ ਕਾਗਜ਼ ਭਰ ਦਿੱਤੇ ਹਨ।