ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਸਤੰਬਰ
750 ਸਕੂਲ ਲਾਇਬ੍ਰੇਰੀਅਨ ਜਥੇਬੰਦੀ ਪੰਜਾਬ ਵੱਲੋਂ ਪਰਖ ਕਾਲ (ਇੱਕ ਮਹੀਨਾ ਬਾਕੀ) ਦੀ ਸ਼ਰਤ ਹਟਾ ਕੇ ਬਦਲੀਆਂ ਦਾ ਮੌਕਾ ਦੇਣ ਦੀ ਮੰਗ ਲਈ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਰੋਸ ਮਾਰਚ ਕਰਕੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇੱਥੇ ਮੀਟਿੰਗ ਤੋਂ ਬਾਅਦ ਜਥੇਬੰਦੀ ਦੇ ਮੁੱਖ ਕਨਵੀਨਰ ਰਜਿੰਦਰ ਸਿੰਘ ਨੇ ਦੱਸਿਆ ਕਿ ਬਦਲੀਆਂ ਦੇ ਮੁੱਦੇ ਨੂੰ ਲੈਕੇ ਜੱਥੇਬੰਦੀ ਦੇ ਸੱਦੇ ’ਤੇ ਸੂਬੇ ਭਰ ਵਿੱਚੋਂ ਸਕੂਲ ਲਾਇਬ੍ਰੇਰੀਅਨ ਸਾਥੀ ਗੰਭੀਰਪੁਰ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਟੀਚਾ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਰਾਹੀਂ ਮੀਟਿੰਗ ਲੈ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਹਮਾਇਤ ਲਈ ਡੀਟੀਐੱਫ ਪੰਜਾਬ ਅਤੇ 2392 ਯੂਨੀਅਨ ਦੇ ਮੈਂਬਰ ਵੀ ਕਾਫੀ ਗਿਣਤੀ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ’ਤੇ ਕੋਈ ਅਮਲ ਨਹੀਂ ਕੀਤਾ ਜਾਂਦਾ ਤਾਂ ਉਹ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦੇਣਗੇ। ਇਸ ਮੌਕੇ ਪ੍ਰੀਤਪਾਲ ਸਿੰਘ ਪ੍ਰੀਤ, ਦਰਸ਼ਨ ਸਿੰਘ ਪਟਿਆਲਾ, ਰਜਨੀਸ਼ ਸ਼ਾਹਪੁਰ, ਜਤਿੰਦਰ ਸਿੰਘ ਛਾਪਾ, ਨਰਿੰਦਰ ਸਿੰਘ ਬਿਜਲੀਪੁਰ, ਰਣਜੀਤ ਸਿੰਘ, ਗਗਨਦੀਪ ਸਿੰਘ, ਦਮਨਜੀਤ, ਬੇਅੰਤ ਕੌਰ, ਰਣਵੀਰ ਕੌਰ ਸ਼ੇਰਗਿੱਲ ਤੇ ਜਸਵੀਰ ਸਿੰਘ ਹਾਜ਼ਰ ਸਨ।