ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਸਤੰਬਰ
ਜ਼ਿਲ੍ਹਾ ਬਠਿੰਡਾ ਦੇ ਕਾਂਗਰਸੀ ਆਗੂਆਂ ਦੀ ਅੱਜ ਇੱਥੇ ਕਾਂਗਰਸ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਦਾ ਰੁਖ਼ ਸੱਤਾਧਾਰੀ ਧਿਰ ਖ਼ਿਲਾਫ਼ ਹਮਲਾਵਰ ਰਿਹਾ। ਕਾਂਗਰਸ ਦੇ ਸਾਰੇ ਵਿੰਗਾਂ ਦੇ ਪ੍ਰਧਾਨਾਂ ਅਤੇ ਕੌਂਸਲਰਾਂ ਦੀ ਹਾਜ਼ਰੀ ਵਾਲੀ ਮੀਟਿੰਗ ’ਚ ਜ਼ਿਮਨੀ ਚੋਣਾਂ ’ਚ ਫ਼ਤਿਹ ਪ੍ਰਾਪਤ ਕਰਨ ਲਈ ਹੁਣੇ ਤੋਂ ਕਮਰਾਂ ਕਸ ਕੇ ਤਿਆਰ ਰਹਿਣ ਦਾ ਸੁਨੇਹਾ ਦਿੱਤਾ ਗਿਆ। ਰਾਜ ’ਚ ਅਮਨ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਵਜੋਂ 17 ਸਤੰਬਰ ਨੂੰ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਡੀਐਸਪੀ ਅਤੇ ਐਸਡੀਐੱਮ ਦਫਤਰਾਂ ਅੱਗੇ ਧਰਨੇ ਦੇਣ ਦਾ ਐਲਾਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਪ੍ਰਧਾਨਗੀ ਵਾਲੀ ਇਸ ਬੈਠਕ ’ਚ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਦੀ ਭੂਮਿਕਾ ਕਾਫੀ ਸਰਗਰਮ ਵੇਖੀ ਗਈ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਨਵੇਂ ਦਫ਼ਤਰ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ ਅਤੇ ਜਲਦੀ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ (ਰਾਜਾ ਵੜਿੰਗ) ਦੀ ਅਗਵਾਈ ਵਿੱਚ ਨਵੇਂ ਦਫਤਰ ਦੀ ਸ਼ੁਰੂਆਤ ਕੀਤੀ ਜਾਵੇਗੀ। ਨਗਰ ਨਿਗਮ ਦੇ ਮੇਅਰ ਦੀ ਨਿਯੁਕਤੀ ਬਾਰੇ ਚੱਲ ਰਹੀਆਂ ਅਟਕਲਾਂ ਦਾ ਭੋਗ ਪਾਉਂਦਿਆਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਕਾਂਗਰਸ ਕੋਲ 27-28 ਕੌਂਸਲਰਾਂ ਦਾ ਪੂਰਨ ਬਹੁਮਤ ਹੈ ਅਤੇ ਕਾਂਗਰਸ ਦਾ ਹੀ ਮੇਅਰ ਬਣੇਗਾ। ਉਨ੍ਹਾਂ ਕਾਂਗਰਸ ’ਚੋਂ ਕੱਢੇ ਜਾ ਚੁੱਕੇ ਕੌਂਸਲਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ‘ਉਹ ਕੌਂਸਲਰਾਂ ਨੂੰ ਖ਼ਰੀਦੇ ਜਾਣ ਵਰਗੀ ਬੇਤੁਕੀ ਬਿਆਨਬਾਜ਼ੀ ਬੰਦ ਕਰਨ ਵਰਨਾ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।’ ਮੀਟਿੰਗ ’ਚ ਮਤਾ ਪਾਸ ਕਰਕੇ ਪੰਜਾਬ ਵਿੱਚ ਪੈਟਰੋਲ, ਡੀਜ਼ਲ, ਵਾਹਨ ਟੈਕਸ, ਰਜਿਸਟਰੀ, ਬਿਜਲੀ ਦਰਾਂ ਅਤੇ ਬੱਸ ਕਿਰਾਏ ਵਿੱਚ ਕੀਤੇ ਗਏ ਵਾਧੇ ਦੀ ਨਿੰਦਾ ਕਰਦਿਆਂ, ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਟਹਿਲ ਸਿੰਘ ਸੰਧੂ, ਬਲਜਿੰਦਰ ਸਿੰਘ ਠੇਕੇਦਾਰ, ਮਹਿੰਦਰ ਭੋਲਾ ਅਤੇ ਰੁਪਿੰਦਰ ਬਿੰਦਰਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਬਲਤੇਜ ਸਿੰਘ, ਜਗਰਾਜ ਸਿੰਘ, ਅਸ਼ੋਕ ਭੋਲਾ, ਅਰਸ਼ਵੀਰ ਸਿੰਘ ਸਿੱਧੂ, ਜੋਗਿੰਦਰ ਸਿੰਘ, ਕਮਲਜੀਤ ਸਿੰਘ ਭੰਗੂ, ਸੁਨੀਲ ਕੁਮਾਰ, ਅਸ਼ੀਸ਼ ਕੁਮਾਰ, ਮਾਧੋ ਸ਼ਰਮਾ, ਦੁਲੀ ਚੰਦ, ਪ੍ਰਕਾਸ਼ ਚੰਦ, ਕਮਲ ਗੁਪਤਾ, ਜਸਵੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।