ਯੇਰੂਸ਼ਲਮ, 12 ਸਤੰਬਰ
ਭਾਰਤੀ ਮੂਲ ਦੇ ਇਜ਼ਰਾਇਲੀ ਫੌਜੀ ਸਟਾਫ਼ ਸਾਰਜੈਂਟ ਗੇਰੀ ਗਿਦੋਨ ਹੰਗਲ (24) ਦੀ ਪੱਛਮੀ ਕੰਢੇ ’ਤੇ ਬੇਤ ਐੱਲ ਬਸਤੀ ਨੇੜੇ ਵਾਹਨ ਨਾਲ ਟੱਕਰ ਮਾਰ ਕੇ ਕੀਤੇ ਗਏ ਹਮਲੇ ’ਚ ਮੌਤ ਹੋ ਗਈ। ਹੰਗਲ ਬਨੇਈ ਮੇਨਾਸ਼ੇ ਫ਼ਿਰਕੇ ਨਾਲ ਸਬੰਧਤ ਸੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਨੋਫ ਹਾਗਾਲਿਲ ਨਿਵਾਸੀ ਹੰਗਲ ਕੇਫਿਰ ਬ੍ਰਿਗੇਡ ਦੀ ਨਾਹਸ਼ੋਨ ਬਟਾਲੀਅਨ ਦਾ ਜਵਾਨ ਸੀ। ਫ਼ਿਰਕੇ ਦੇ ਮੈਂਬਰਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਬੁੱਧਵਾਰ ਨੂੰ ਆਸਫ਼ ਜੰਕਸ਼ਨ ਨੇੜੇ ਨੌਜਵਾਨ ਦੀ ਮੌਤ ਨਾਲ ਉਹ ਸਦਮੇ ’ਚ ਹਨ। ਹੰਗਲ 2020 ’ਚ ਭਾਰਤ ਦੇ ਉੱਤਰ-ਪੂਰਬੀ ਹਿੱਸੇ ਤੋਂ ਇਜ਼ਰਾਈਲ ਆਇਆ ਸੀ। ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਮਨੀਪੁਰ ਅਤੇ ਮਿਜ਼ੋਰਮ ਤੋਂ ਆਏ ਬਨੇਈ ਮੇਨਾਸ਼ੇ ਫ਼ਿਰਕੇ ਦੇ ਲੋਕ ਇਜ਼ਰਾਇਲੀ ਜਨਜਾਤੀ ਮੇਨਾਸੇਹ ਦੇ ਵੰਸ਼ਜ ਹਨ। ਇਹ ਹਮਲਾ ਪੱਛਮੀ ਕੰਢੇ ਤੋਂ ਸ਼ੁਰੂ ਹੋਏ ਫਿਦਾਈਨ ਬੰਬ ਧਮਾਕਿਆਂ ਅਤੇ ਗੋਲੀਬਾਰੀ ਦੀਆਂ ਲਗਾਤਾਰ ਘਟਨਾਵਾਂ ਮਗਰੋਂ ਹੋਇਆ ਹੈ। ਘਟਨਾ ਵਾਲੀ ਥਾਂ ਤੋਂ ਮਿਲੇ ਸੀਸੀਟੀਵੀ ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਫਲਸਤੀਨੀ ਲਾਇਸੈਂਸ ਪਲੇਟ ਵਾਲਾ ਤੇਜ਼ ਰਫ਼ਤਾਰ ਟਰੱਕ ਬੱਸ ਸਟਾਪ ਨੇੜੇ ਇਜ਼ਰਾਇਲੀ ਰੱਖਿਆ ਫੋਰਸਿਜ਼ ਦੀ ਚੌਕੀ ਨਾਲ ਟਕਰਾਉਂਦਾ ਹੈ। -ਪੀਟੀਆਈ