ਪਰਸ਼ੋਤਮ ਬੱਲੀ
ਬਰਨਾਲਾ, 12 ਸਤੰਬਰ
ਇਸ ਵਾਰ ਝੋਨੇ ਦੀ ਪਰਾਲੀ ਸਾੜਨ ਦੇ ਕੇਸ ਜ਼ਿਲ੍ਹੇ ’ਚ ਸਿਫ਼ਰ ਰੱਖਣ ਲਈ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੇ ਰਣਨੀਤੀ ਉਲੀਕ ਲਈ ਹੈ। ਇਸ ਬਾਬਤ ਪਿੰਡ ਪਿੰਡ ਅਤੇ ਘਰ-ਘਰ ਪਹੁੰਚ ਕੀਤੀ ਜਾਵੇਗੀ ਅਤੇ ਜਿੱਥੇ ਵਟਸਐਪ ਗਰੁੱਪ ਬਣਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਢੁਕਵੀਂ ਜਾਣਕਾਰੀ ਦਿੱਤੀ ਜਾਵੇਗੀ, ਓਥੇ ਢੁਕਵੀਂ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਕਿ ਪਿਛਲੇ ਸਾਲ ਜਿਨ੍ਹਾਂ 25 ਪਿੰਡਾਂ ਵਿੱਚ 30 ਤੋਂ ਜ਼ਿਆਦਾ ਪਰਾਲੀ ਸਾੜਨ ਦੇ ਕੇਸ ਸਾਹਮਣੇ ਆਏ ਸਨ, ਉਨ੍ਹਾਂ ਪਿੰਡਾਂ ਦੀ ਹਾਟ ਸਪਾਟ ਪਿੰਡਾਂ ਵਜੋਂ ਪਛਾਣ ਕੀਤੀ ਗਈ ਹੈ ਅਤੇ ਇਸ ਰਣਨੀਤੀ ਤਹਿਤ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਇਨ੍ਹਾਂ 25 ਪਿੰਡਾਂ ਲਈ ਬਣਾਈਆਂ ਗਈਆਂ ਹਨ ਤਾਂ ਜੋ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਪਿੰਡਵਾਰ ਕਿਸਾਨਾਂ ਦੇ ਵਟਸਐਪ ਗਰੁੱਪ ਬਣਾਉਣ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਮਸ਼ੀਨਰੀ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਸਾਰੇ ਅਫ਼ਸਰਾਂ ਕੋਲ ਇੱਕ ਇੱਕ ਕਿਸਾਨ ਦਾ ਨਾਮ, ਮੋਬਾਈਲ ਨੰਬਰ ਤੇ ਹੋਰ ਸਾਰੀ ਜਾਣਕਾਰੀ ਮੌਜੂਦ ਹੋਵੇ।