ਪੱਤਰ ਪ੍ਰੇਰਕ
ਮਾਨਸਾ, 12 ਸਤੰਬਰ
ਸੰਯੁਕਤ ਕਿਸਾਨ ਮੋਰਚਾ ਦਾ ਵਫ਼ਦ ਕਿਸਾਨ ਆਗੂ ਬੋਘ ਸਿੰਘ ਮਾਨਸਾ ਦੀ ਅਗਵਾਈ ’ਚ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਮਿਲਿਆ। ਵਫ਼ਦ ਵੱਲੋਂ ਅਨਾਜ ਮੰਡੀਆਂ ਵਿੱਚ ਸਾਉਣੀ ਦੀ ਫ਼ਸਲ ਨਰਮਾ, ਝੋਨਾ, ਪਰਮਲ, ਬਾਸਮਤੀ ਅਤੇ ਹੋਰ ਫ਼ਸਲਾਂ ਦੀ ਆਮਦ ਦੇ ਸਬੰਧ ਵਿੱਚ ਮੰਡੀਆਂ ਦੇ ਸਫਾਈ, ਲਾਈਟਾਂ, ਪਖਾਨੇ, ਪਾਣੀ ਆਦਿ ਦੇ ਪ੍ਰਬੰਧ ਨਾ ਹੋਣ ਦੇ ਸਬੰਧ ਵਿੱਚ ਤੁਰੰਤ ਪ੍ਰਬੰਧ ਹੋਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਦੀ ਯਾਰਡ ’ਚ ਜੋ ਦੁਕਾਨਦਾਰਾਂ ਦਾ ਸਮਾਨ ਸਰੀਆ, ਸੀਮਿੰਟ ਆਦਿ ਪਿਆ ਹੈ, ਉਸ ਨੂੰ ਤੁਰੰਤ ਚੁਕਵਾ ਕੇ ਯਾਰਡ ਖਾਲੀ ਕਰਵਾਏ ਜਾਣ ਤਾਂ ਕਿ ਉਨ੍ਹਾਂ ਵਿੱਚ ਕਿਸਾਨ ਆਪਣੀ ਫ਼ਸਲ ਦੀਆਂ ਢੇਰੀਆਂ ਕੀਤੀਆਂ ਜਾ ਸਕਣ। ਕਿਸਾਨ ਆਗੂ ਬੋਘ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਆੜ੍ਹਤੀਆਂ ਅਤੇ ਵਪਾਰੀਆਂ ਵੱਲੋਂ ਪੂਲ ਬਣਾ ਕੇ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕੀਤੀ ਜਾਂਦੀ ਹੈ। ਉ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਤੋਲਾਈ ਪਾਰਦਰਸ਼ੀ ਕੀਤੀ ਜਾਵੇ, ਅਣਗਹਿਲੀ ਕਰਨ ਵਾਲੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਤੋਲਾਈ ਤੋਂ ਤੁਰੰਤ ਬਾਅਦ ਲਿਫਟਿੰਗ ਦੇ ਯੋਗ ਪ੍ਰਬੰਧ ਕੀਤੇ ਜਾਣ।