ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 12 ਸਤੰਬਰ
ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੀਆਂ ਨਵੀਆਂ ਸੀਨੀਆਰਤਾ ਸੂਚੀਆਂ ਦੇ ਆਧਾਰ ’ਤੇ ਵੱਖ-ਵੱਖ ਅਧਿਆਪਕ ਤੇ ਲੈਕਚਰਾਰ ਪਦ-ਉੱਨਤ ਕੀਤੇ ਗਏ ਹਨ। ਸੂਚੀ ਜਾਰੀ ਹੋਣ ਮਗਰੋਂ ਜਨਰਲ ਵਰਗ ਦੇ ਅਧਿਆਪਕ ਰੋਹ ਵਿੱਚ ਹਨ। ਆਗੂਆਂ ਨੇ ਕਿਹਾ ਕਿ ਸੀਨੀਆਰਤਾ ਸੂਚੀਆਂ ਤਿਆਰ ਕਰਦੇ ਸਮੇਂ ਜਨਰਲ ਵਰਗ ਨਾਲ ਧੱਕਾ ਕੀਤਾ ਗਿਆ ਹੈ। ਇਨ੍ਹਾਂ ਸੂਚੀਆਂ ਦੌਰਾਨ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ 10 ਅਕਤੂਬਰ 2014 ਦੀਆਂ ਹਦਾਇਤਾਂ ਨੂੰ ਵੀ ਅਣਗੌਲਿਆਂ ਕੀਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ ਇਹ ਡੂੰਘੀ ਸਾਜ਼ਿਸ਼ ਤਹਿਤ ਜਨਰਲ ਵਰਗ ਨੂੰ ਖੂੰਝੇ ਲਾਉਣ ਦੀ ਸਕੀਮ ਹੈ। ਉਨ੍ਹਾਂ ਕਿਹਾ ਕਿ ਜਨਰਲ ਵਰਗ ਵਿਰੋਧੀ ਲਾਬੀ ਪੀੜਤਾਂ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਜਨਰਲ ਵਰਗ ਨੂੰ ਜਾਣਬੁੱਝ ਕੇ ਅੱਖੋਂ-ਪਰੋਖੇ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੀਨੀਆਰਤਾ ਸੂਚੀਆਂ ਨੂੰ ਸੋਧਿਆ ਜਾਵੇ। ਇਸ ਮੌਕੇ ਜਨਰਲ ਵਰਗ ਦੇ ਆਗੂਆਂ ਜਸਵੀਰ ਸਿੰਘ ਗੜਾਂਗ, ਸੁਖਬੀਰ ਸਿੰਘ, ਸਿਆਮ ਲਾਲ ਸ਼ਰਮਾ, ਸੁਰਿੰਦਰ ਕੁਮਾਰ ਸੈਣੀ, ਸੁਦੇਸ਼ ਕਮਲ ਸ਼ਰਮਾ ਵੱਲੋਂ ਅਗਲੀ ਮੀਟਿੰਗ 29 ਸਤੰਬਰ ਨੂੰ ਚੰਡੀਗੜ੍ਹ ਵਿੱਚ ਸੱਦੀ ਗਈ। ਉਨ੍ਹਾਂ ਕਿਹਾ ਕਿ ਜੇ ਇਸ ਦੌਰਾਨ ਅਧਿਕਾਰੀਆਂ ਨੇ ਵਿਭਾਗੀ ਗ਼ਲਤੀ ਨੂੰ ਨਾ ਸੁਧਾਰਿਆ ਤਾਂ ਲੜੀਵਾਰ ਸੰਘਰਸ਼ ਵਿੱਢਿਆ ਜਾਵੇਗਾ।