ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 12 ਸਤੰਬਰ
ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਕਾਦਮਿਕ ਸਾਲ 2024-25 ਲਈ ਅਤਿਵਾਦ ਦੇ ਸ਼ਿਕਾਰ ਨਾਗਰਿਕਾਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਲਈ ਨਿਰਧਾਰਿਤ ਕੇਂਦਰੀ ਪੂਲ ਦੀਆਂ ਚਾਰ ਐੱਮਬੀਬੀਐੱਸ ਸੀਟਾਂ ਲਈ ਰਾਜ ਦੇ ਗ੍ਰਹਿ ਮਾਮਲਿਆਂ ਦੇ ਵਿਭਾਗਾਂ ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਹੈ, ਜਿਸ ਦੀ ਆਖ਼ਰੀ ਮਿਤੀ 17 ਸਤੰਬਰ ਰੱਖੀ ਗਈ ਹੈ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਸੀਟਾਂ ਏਐੱਨ ਮਗਧ ਮੈਡੀਕਲ ਕਾਲਜ, ਗਯਾ, ਬਿਹਾਰ (ਇਕ ਸੀਟ), ਗ੍ਰਾਂਟ ਮੈਡੀਕਲ ਕਾਲਜ, ਮੁੰਬਈ, ਮਹਾਰਾਸ਼ਟਰ (ਇਕ ਸੀਟ) ਅਤੇ ਪੰਡਿਤ ਜੇਐੱਨਐੱਮ ਮੈਡੀਕਲ ਕਾਲਜ ਰਾਏਪੁਰ, ਛੱਤੀਸਗੜ੍ਹ ਵਿੱਚ ਦੋ ਸੀਟਾਂ ਹਨ।
ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਨੂੰ ਨਿਰਧਾਰਿਤ ਯੋਗਤਾ ਦੇ ਮਾਪਦੰਡ ਪੂਰੇ ਕਰਨੇ ਪੈਣਗੇ। ਉਹ ਜਾਂ ਤਾਂ ਅਤਿਵਾਦ ਦਾ ਸ਼ਿਕਾਰ ਹੋਏ ਮਰੇ ਹੋਏ/ਸਰੀਰਕ ਤੌਰ ’ਤੇ ਅਸਮਰਥ ਨਾਗਰਿਕ ਦਾ ਜੀਵਨ ਸਾਥੀ ਜਾਂ ਬੱਚੇ ਹੋਣ। ਵਧੇਰੇ ਜਾਣਕਾਰੀ ਲਈ ਚਾਹਵਾਨ ਉਮੀਦਵਾਰ ਨੇੜਲੇ ਐੱਸਡੀਐੱਮ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਪਰ ਉਨ੍ਹਾਂ ਦੀਆਂ ਸਬੰਧਤ ਅਰਜ਼ੀਆਂ ਰਾਜ ਦੇ ਗ੍ਰਹਿ ਮਾਮਲੇ ਵਿਭਾਗ ਰਾਹੀਂ 17.09.2024 ਤੱਕ ਭੇਜੀਆਂ ਜਾਣੀਆਂ ਲਾਜ਼ਮੀ ਹਨ। ਫ਼ਾਰਮ ਨਾਲ ਲਾਏ ਜਾਣ ਵਾਲੇ ਦਸਤਾਵੇਜ਼ਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੀ ਮਾਰਕ ਸ਼ੀਟ/ਸਰਟੀਫਿਕੇਟ ਦੀਆਂ ਕਾਪੀਆਂ, ਸ਼੍ਰੇਣੀ ਸਰਟੀਫਿਕੇਟ, ਐੱਨਈਈਟੀ-(ਅੰਡਰ ਗ੍ਰੈਜੂਏਟ) 2024 ਪ੍ਰੀਖ਼ਿਆ ਦਾ ਐਡਮਿਟ ਕਾਰਡ ਅਤੇ ਐਨ ਈਈਟੀ-(ਅੰਡਰ ਗਰੈਜੂਏਟ) 2024 ਪ੍ਰੀਖਿਆ ਦੇ ਸਬੰਧੀ ਐੱਨਟੀਏ ਦੁਆਰਾ ਐਲਾਨਿਆ ਨਤੀਜਾ ਸ਼ਾਮਲ ਹਨ।