ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 12 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ 14 ਬਲਾਕਾਂ ਵਿਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਅੱਜ ਆਖਰੀ ਦਿਨ ਬਲਾਕ ਦੋਰਾਹਾ ਦੇ ਵੱਖ ਵੱਖ ਖੇਡ ਮੁਕਾਬਲੇ ਸੰਤ ਈਸ਼ਰ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ। ਇਸ ਵਿਚ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਜਗਤਾਰ ਸਿੰਘ ਦਿਆਲਪੁਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਬਲਾਕ ਦੋਰਾਹਾ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਸਿੰਘ ਚੁੱਘ ਨੇ ਦੱਸਿਆ ਕਿ ਅਥਲੈਟਿਕਸ ਅੰਡਰ-14 ਲੜਕੀਆਂ ਦੇ 800 ਮੀਟਰ ਈਵੈਂਟ ਵਿਚ ਅਦੀਬ ਕੌਰ ਨੇ ਪਹਿਲਾ, ਦਿਵਾਂਸੀ ਨੇ ਦੂਜਾ ਅਤੇ ਹਰਮਨਦੀਪ ਕੌਰ ਨੇ ਤੀਜਾ, ਲੜਕਿਆਂ ਵਿਚ ਗੌਰਵ ਅਲੀ ਨੇ ਪਹਿਲਾ, ਪਾਰਸ ਸਰਾਉ ਨੇ ਦੂਜਾ ਅਤੇ ਅਰਮਾਨਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਫੁਟਬਾਲ ਅੰਡਰ-14 ਲੜਕਿਆਂ ਵਿਚ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਅਲੂਣਾ ਮਿਆਨਾ ਦੀ ਟੀਮ ਨੇ ਪਹਿਲਾ, ਸੰਤ ਈਸ਼ਰ ਸਿੰਘ ਸਕੂਲ ਰਾੜਾ ਸਾਹਿਬ ਦੀ ਟੀਮ ਨੇ ਦੂਜਾ ਅਤੇ ਐੱਮਆਈਐੱਸ ਸਕੂਲ ਸਿੱਧਵਾਂ ਦੀ ਟੀਮ, ਅੰਡਰ-17 ਵਿਚ ਸੰਤ ਈਸ਼ਰ ਸਿੰਘ ਸਕੂਲ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਬੁਆਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਮੁੱਖ ਮਹਿਮਾਨ ਨੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਹਰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਤੰਦਰੁਸਤ ਰੱਖਦੀਆਂ ਹਨ, ਉਥੇ ਮਾਨਸਿਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਖੇਡਾਂ ਵਿਚ ਹਿੱਸਾ ਲੈਣ ਅਤੇ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰਨ ਦੀ ਅਪੀਲ ਕੀਤੀ।