ਖੰਨਾ (ਨਿੱਜੀ ਪੱਤਰ ਪ੍ਰੇਰਕ): ਡਾ. ਅੰਬੇਦਕਰ ਮਿਸ਼ਨ ਸੁਸਾਇਟੀ ਦੇ ਮੈਂਬਰਾਂ ਦੀ ਇੱਕਤਰਤਾ ਅੱਜ ਇੱਥੇ ਕਰਮਜੀਤ ਸਿੰਘ ਸਿਫ਼ਤੀ ਦੀ ਅਗਵਾਈ ਹੇਠਾਂ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੂਨਾ ਐਕਟ ਦਿਵਸ 22 ਸਤੰਬਰ ਨੂੰ ਅੰਬੇਦਕਰ ਭਵਨ ਖੰਨਾ ਵਿਖੇ ਮਨਾਇਆ ਜਾਵੇਗਾ। ਇਸ ਵਿਚ ਵਿਸ਼ਵ ਪ੍ਰਸਿੱਧ ਬੁਲਾਰੇ ਐਡਵੋਕੇਟ ਐਸਐਲ ਵਿਰਦੀ ਸ਼ਿਰਕਤ ਕਰਦਿਆਂ ਮੈਬਰਾਂ ਨੂੰ ਪੂਨਾ ਐਕਟ ਅਤੇ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਦੇਣਗੇ। ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਕੋਚਾਂ ਦੀਆਂ ਅਸਾਮੀਆਂ ਵਿਚ ਐਸਸੀ ਅਤੇ ਬੀਸੀ ਵਰਗ ਦੇ ਰਾਖਵੇਂਕਰਨ ਨੂੰ ਖਤਮ ਕਰਨ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਸੁਸਾਇਟੀ ਨੇ ਪੰਜਾਬ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ ’ਤੇ ਕਾਬੂ ਪਾਇਆ ਜਾਵੇ। ਇਸ ਮੌਕੇ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ, ਬਲਵੀਰ ਸਿੰਘ ਭੱਟੀ ਆਦਿ ਹਾਜ਼ਰ ਸਨ।