ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ
ਟਰੈਵਲ ਏਜੰਟ ਦੀ ਠੱਗੀ ਕਾਰਨ ਪੜ੍ਹਾਈ ਲਈ ਕੈਨੇਡਾ ਗਏ ਵਿਦਿਆਰਥੀ ਨੂੰ ਦੇਸ਼ ਪਰਤਣਾ ਪਿਆ ਹੈ। ਟਰੈਵਲ ਏਜੰਟ ਨੇ ਵਿਦਿਆਰਥੀ ਦੀ ਦੂਜੇ ਸਮੈਸਟਰ ਦੀ 10 ਹਜ਼ਾਰ ਡਾਲਰ ਫੀਸ ਨਾ ਭਰਨ ਕਰ ਕੇ ਯੂਨੀਵਰਸਿਟੀ ਨੇ ਉਸ ਨੂੰ ਵਾਪਸ ਭੇਜ ਦਿੱਤਾ ਹੈ। ਮੁਕਤਸਰ ਦੇ ਸਤਵਿੰਦਰ ਕੁਮਾਰ ਨੇ ਆਪਣੇ ਪੁੱਤਰ ਸੁਮਿਤ ਸਿਡਾਨਾ ਨੂੰ ਕੋਟਕਪੂਰਾ ਦੇ ‘ਬਲਿਯੂ ਕੌਸਟ ਇਮੀਗ੍ਰੇਸ਼ਨ ਸਰਵਿਸ ਐਂਡ ਐਕਸਪ੍ਰੈੱਸ ਵੇਅ’ ਦੇ ਮਾਲਕ ਡੇਵਿਡ ਅਰੋੜਾ ਰਾਹੀਂ ਕੈਨੇਡਾ ਭੇਜਿਆ ਸੀ ਪਰ ਡੇਵਿਡ ਅਰੋੜਾ ਨੇ ਸੁਮਿਤ ਦੀ ਦੂਜੇ ਸਮੈਸਟਰ ਦੀ 10 ਹਜ਼ਾਰ ਡਾਲਰ ਫੀਸ ਨਹੀਂ ਭਰੀ। ਥਾਣਾ ਸਿਟੀ ਮੁਕਤਸਰ ਪੁਲੀਸ ਨੇ ਡੇਵਿਡ ਅਰੋੜਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਪੀੜਤ ਸਤਵਿੰਦਰ ਕੁਮਾਰ ਨੇ ਦੱਸਿਆ ਕਿ ਡੇਵਿਡ ਅਰੋੜਾ ਨੇ ਕਰੀਬ 16 ਲੱਖ ਰੁਪਏ ਲੈ ਕੇ ਉਸ ਦੇ ਪੁੱਤਰ ਦਾ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਦਾਖਲਾ ਕਰਵਾਇਆ ਸੀ। ਪੀੜਤ ਪਿਤਾ ਨੇ ਦੋਸ਼ ਲਾਇਆ ਹੈ ਕਿ ਡੇਵਿਡ ਅਰੋੜਾ ਨੇ ਸੁਮਿਤ ਦੀ ਦੂਜੇ ਸਮੈਸਟਰ ਦੀ 10 ਹਜ਼ਾਰ ਕੈਨੇਡੀਅਨ ਡਾਲਰ ਫੀਸ ਉਨ੍ਹਾਂ ਕੋਲੋਂ ਤਾਂ ਲੈ ਲਈ ਸੀ ਪਰ ਅੱਗੇ ਯੂਨੀਵਰਸਿਟੀ ਵਿੱਚ ਨਹੀਂ ਭੇਜੀ। ਡੇਵਿਡ ਨੇ ਫੀਸ ਭਰੀ ਹੋਣ ਦੀ ਜੋ ਰਸੀਦ ਸੁਮਿਤ ਕੁਮਾਰ ਨੂੰ ਦਿੱਤੀ ਸੀ। ਉਸ ਰਸੀਦ ਨੂੰ ਯੂਨੀਵਰਸਿਟੀ ਅਧਿਕਾਰੀਆਂ ਨੇ ਜਾਅਲੀ ਕਰਾਰ ਦੇ ਦਿੱਤਾ। ਸਤਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਭਵਿੱਖ ਤੇ ਘਰ ਦੀ ਸਾਰੀ ਜਮ੍ਹਾਂ ਪੂੰਜੀ ਬਰਬਾਦ ਹੋ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮ ਡੇਵਿਡ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।