ਗਗਨਦੀਪ ਅਰੋੜਾ
ਲੁਧਿਆਣਾ, 12 ਸਤੰਬਰ
ਇਥੇ ਪਿੰਡ ਮਹਿਮੂਦਪੁਰਾ ’ਚ ਹਥਿਆਰਾਂ ਦੇ ਤਸਕਰਾਂ ਸਬੰਧੀ ਸੂਚਨਾ ਮਿਲਣ ’ਤੇ ਅੱਜ ਸਵੇਰੇ ਛਾਪਾ ਮਾਰਨ ਗਈ ਸੀਆਈਏ ਟੀਮ ’ਤੇ ਘਰ ’ਚ ਮੌਜੂਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕਾਂਸਟੇਬਲ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਪੁਲੀਸ ਮੁਤਾਬਕ ਉਨ੍ਹਾਂ ਵੱਲੋਂ ਆਪਣੇ ਬਚਾਅ ਵਿੱਚ ਚਲਾਈ ਗਈ ਗੋਲੀ ਉਥੇ ਮੌਜੂਦ ਨੌਜਵਾਨ ਦੇ ਪੱਟ ਵਿੱਚ ਜਾ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਜ਼ਖਮੀ ਮੁਲਾਜ਼ਮ ਸੰਦੀਪ ਅਤੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਰੋਹਿਤ ਨੂੰ ਵੀ ਡੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਰੋਹਿਤ, ਉਸ ਦੇ ਭਰਾ ਮਨੀਸ਼, ਵਿਜੇ ਕੁਮਾਰ ਅਤੇ ਵਰਿੰਦਰ ਕੁਮਾਰ ਸਣੇ 13 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜੁਆਇੰਟ ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਪਿੰਡ ਮਹਿਮੂਦਪੁਰਾ ’ਚ ਮਨੀਸ਼ ਦੇ ਘਰ ਨਾਜਾਇਜ਼ ਹਥਿਆਰਾਂ ਨਾਲ ਇਕੱਠੇ ਹੋਏ ਹਨ, ਜਦੋਂ ਉਹ ਘਰ ਦੇ ਅੰਦਰ ਦਾਖ਼ਲ ਹੋਏ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਦੋਂ ਪੁਲੀਸ ਨੇ ਵਿਰੋਧ ਕੀਤਾ ਤਾਂ ਇਕ ਹਮਲਾਵਰ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਵੀ ਆਪਣੇ ਬਚਾਅ ਵਿੱਚ ਗੋਲੀ ਚਲਾ ਦਿੱਤੀ, ਜੋ ਕਿ ਰੋਹਿਤ ਦੇ ਪੱਟ ’ਚ ਲੱਗ ਗਈ। ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜੇਸੀਪੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।
ਜ਼ਖਮੀ ਨੌਜਵਾਨ ਦੀ ਪਤਨੀ ਵੱਲੋਂ ਪੁਲੀਸ ’ਤੇ ਜਾਣਬੁੱਝ ਕੇ ਫਸਾਉਣ ਦੇ ਦੋਸ਼
ਪੁਲੀਸ ਦੀ ਗੋਲੀ ਨਾਲ ਜ਼ਖ਼ਮੀ ਹੋਏ ਰੋਹਿਤ ਦੀ ਪਤਨੀ ਸੁਖਪ੍ਰੀਤ ਨੇ ਦੋਸ਼ ਲਾਏ ਹਨ ਪੁਲੀਸ ਉਨ੍ਹਾਂ ਨੂੰ ਜਾਣਬੁੱਝ ਕੇ ਫਸਾ ਰਹੀ ਹੈ। ਸੁਖਪ੍ਰੀਤ ਨੇ ਦੋਸ਼ ਲਾਇਆ ਕਿ ਕੁਝ ਮੁਲਾਜ਼ਮ ਆਉਂਦੇ ਸਾਰ ਹੀ ਉਨ੍ਹਾਂ ਨਾਲ ਲੜਨ ਲੱਗ ਪਏ। ਪਹਿਲਾਂ ਪੁਲੀਸ ਨੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ। ਰੋਹਿਤ ਦੀ ਪਤਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਈ ਗੋਲੀ ਨਹੀਂ ਚਲਾਈ ਪਰ ਪੁਲੀਸ ਨੇ ਖੁਦ ਦੋ ਗੋਲੀਆਂ ਚਲਾਈਆਂ ਹਨ। ਇਕ ਗੋਲੀ ਉਸ ਦੇ ਪਤੀ ਨੂੰ ਲੱਗੀ। ਸੁਖਪ੍ਰੀਤ ਨੇ ਦੋਸ਼ ਲਾਇਆ ਕਿ ਪੁਲੀਸ ਉਸ ਦੀ ਸੱਸ ਨੂੰ ਵੀ ਚੁੱਕ ਕੇ ਲੈ ਗਈ ਅਤੇ ਉਨ੍ਹਾਂ ਦੇ ਸਾਰੇ ਮੋਬਾਈਲ ਫੋਨ ਵੀ ਖੋਹ ਕੇ ਲੈ ਗਈ ਹੈ। ਸੁਖਪ੍ਰੀਤ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਉਸ ਦਾ ਦਿਓਰ ਕੀ ਕਰਦਾ ਹੈ ਪਰ ਉਸ ਦਾ ਪਤੀ ਇਕ ਕੰਪਨੀ ਵਿਚ ਕੰਮ ਕਰਦਾ ਹੈ।
ਪੁਲੀਸ ਨੇ ਪਰਿਵਾਰ ਦੇ ਦੋਸ਼ਾਂ ਨੂੰ ਨਕਾਰਿਆ਼
ਜੁਆਇੰਟ ਪੁਲੀਸ ਕਮਿਸ਼ਨਰ (ਜੇਸੀਪੀ) ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਪਰਿਵਾਰ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਇਲਾਕੇ ’ਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਰਿਆਣਾ ਪੁਲੀਸ ਪਹਿਲਾਂ ਵੀ ਕਈ ਵਾਰ ਇਥੇ ਛਾਪੇ ਮਾਰਨ ਆਈ ਸੀ। ਇਸ ਸਬੰਧੀ ਹੁਣ ਹਰਿਆਣਾ ਪੁਲੀਸ ਨਾਲ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਕ ਨਾਜਾਇਜ਼ ਹਥਿਆਰ ਬਰਾਮਦ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।