ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 12 ਸਤੰਬਰ
ਮੁਹਾਲੀ ਤਹਿਸੀਲ ਕੰਪਲੈਕਸ ਵਿੱਚ ਅੱਜ ਅਚਾਨਕ ਸਰਵਰ ਬੰਦ ਹੋਣ ਕਾਰਨ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਰਿਹਾ। ਇਸ ਕਾਰਨ ਆਪਣੀਆਂ ਜਾਇਦਾਦਾਂ ਦੀ ਖ਼ਰੀਦ ਅਤੇ ਵੇਚ ਸਬੰਧੀ ਰਜਿਸਟਰੀਆਂ ਕਰਵਾਉਣ ਲਈ ਦੂਰੋਂ-ਨੇੜਿਓਂ ਆਏ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਹਿਸੀਲ ਵਿੱਚ ਰਜਿਸਟਰੀ ਕਰਵਾਉਣ ਪਹੁੰਚੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮਸੀਪੀਏ) ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਨੇ ਕਿਹਾ ਕਿ ਸਰਵਰ ਬੰਦ ਹੋਣ ਕਾਰਨ ਅੱਜ ਇੱਕ ਵੀ ਰਜਿਸਟਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਕਈ ਵਿਅਕਤੀ ਕਾਫ਼ੀ ਦੂਰੋਂ ਅਤੇ ਵਿਸ਼ੇਸ਼ ਛੁੱਟੀ ਲੈ ਕੇ ਜਾਂ ਆਪਣਾ ਕਾਰੋਬਾਰ ਛੱਡ ਕੇ ਰਜਿਸਟਰੀ ਕਰਵਾਉਣ ਲਈ ਆਉਂਦੇ ਹਨ ਪਰ ਰਜਿਸਟਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਸਾਰਾ ਦਿਨ ਖੁਆਰ ਹੋਣਾ ਪਿਆ। ਸ਼ਲਿੰਦਰ ਆਨੰਦ ਨੇ ਕਿਹਾ ਕਿ ਜੇ ਕੰਪਿਊਟਰ ਦਾ ਸਰਵਰ ਬੰਦ ਹੈ ਤਾਂ ਇਸ ਦਾ ਕੋਈ ਬਦਲਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਜਿਹੜੇ ਵਿਅਕਤੀ ਦੂਰੋਂ ਨੇੜਿਓਂ ਆਪਣੇ ਕੰਮਾਂ ਲਈ ਤਹਿਸੀਲ ਦਫ਼ਤਰ ਵਿੱਚ ਆਉਂਦੇ ਹਨ, ਘੱਟੋ-ਘੱਟ ਉਨ੍ਹਾਂ ਦੀ ਫੋਟੋ ਖਿੱਚ ਕੇ ਉਨ੍ਹਾਂ ਦਾ ਕੰਮ ਕਰਨਾ ਚਾਹੀਦਾ ਹੈ।
ਉਧਰ, ਤਹਿਸੀਲਦਾਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਰਜਿਸਟਰੀਆਂ ਦਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਸੀ ਪਰ ਦੁਪਹਿਰ ਕਰੀਬ 12 ਵਜੇ ਅਚਾਨਕ ਸਰਵਰ ਡਾਊਨ ਹੋਣ ਕਾਰਨ ਵੈੱਬਸਾਈਟ ਅਚਾਨਕ ਬੰਦ ਹੋ ਗਈ ਅਤੇ ਰਜਿਸਟਰੀਆਂ ਦਾ ਕੰਮ ਵਿਚਾਲੇ ਹੀ ਰੁਕ ਗਿਆ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਹੀ ਕੰਮ ਪ੍ਰਭਾਵਿਤ ਨਹੀਂ ਹੋਇਆ ਬਲਕਿ ਪੂਰੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਕੰਮ ਰੁਕਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਰਵਰ ਨੂੰ ਜਲਦੀ ਚਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।