ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਲਗਾਤਾਰ ਤੀਜੇ ਸਾਲ ਆਪਣੇ ਸਾਰੇ ਸਕੂਲਾਂ ਵਿੱਚ ‘ਬਿਜ਼ਨਸ ਬਲਾਸਟਰ’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇੱਥੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਸਿੱਖਿਆ ਮੰਤਰੀ ਆਤਿਸ਼ੀ ਨੇ ਸਾਲ 2024-25 ਲਈ ਬਿਜ਼ਨਸ ਬਲਾਸਟਰ ਪ੍ਰੋਗਰਾਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 2.45 ਲੱਖ ਵਿਦਿਆਰਥੀ, ਉਦਮੀਆਂ, 40 ਕਰੋੜ ਰੁਪਏ ਦੀ ‘ਸੀਡ ਮਨੀ’ ਅਤੇ 40,000 ਤੋਂ ਵੱਧ ਸਟਾਰਟ-ਅੱਪ ਵਿਚਾਰਾਂ ਨਾਲ ਬਿਜ਼ਨਸ ਬਲਾਸਟਰ ਪ੍ਰੋਗਰਾਮ ਇੱਕ ਵਾਰ ਫਿਰ ਸੁਪਰਹਿੱਟ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ 12ਵੀਂ ਜਮਾਤ ਪਾਸ ਕਰ ਚੁੱਕੇ ਬੱਚੇ, ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕਦੇ ਹਨ। ਦੇਸ਼ ਵਿੱਚ 42 ਫ਼ੀਸਦ ਨੌਜਵਾਨ ਬੇਰੁਜ਼ਗਾਰ ਹਨ। 2030 ਤੱਕ ਨੌਜਵਾਨਾਂ ਲਈ 90 ਮਿਲੀਅਨ ਨੌਕਰੀਆਂ ਦੀ ਲੋੜ ਹੈ। ਬੇਰੁਜ਼ਗਾਰੀ ਦੇ ਅੰਕੜਿਆਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਚੋਟੀ ਦੇ 3 ਦੇਸ਼ਾਂ ਵਿੱਚ ਆਉਂਦਾ ਹੈ।
ਮੈਕੇਂਜੀ ਦੀ 2022 ਦੀ ਰਿਪੋਰਟ ਅਨੁਸਾਰ ਜੇ ਭਾਰਤ ਨੂੰ ਆਪਣੀ ਸਾਰੀ ਨੌਜਵਾਨ ਆਬਾਦੀ ਨੂੰ ਨੌਕਰੀਆਂ ਦੇਣੀਆਂ ਹਨ ਤਾਂ ਭਾਰਤ ਨੂੰ 2030 ਤੱਕ 90 ਮਿਲੀਅਨ (9 ਕਰੋੜ) ਗੈਰ-ਖੇਤੀ ਨੌਕਰੀਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ 3 ਸਾਲਾਂ ਤੋਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਚੱਲ ਰਿਹਾ ਹੈ। ਜਨਤਕ ਨਿਵੇਸ਼ ਲਈ ਚੋਟੀ ਦੇ 150 ਸਟਾਰਟ-ਅੱਪ ਖੋਲ੍ਹੇ ਗਏ ਹਨ। ਅੱਜ ਇਕ ਸਟੂਡੈਂਟ ਸਟਾਰਟ-ਅੱਪ 20 ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅਤੇ 12ਵੀਂ ਪਾਸ ਕਰਨ ਤੋਂ ਬਾਅਦ ਹਰ ਮਹੀਨੇ 13.5 ਲੱਖ ਰੁਪਏ ਕਮਾ ਰਿਹਾ ਹੈ। ਇੱਕ ਵਿਦਿਆਰਥੀ ਆਪਣੇ ਟਰਾਂਸਪੋਰਟ ਦੇ ਕਾਰੋਬਾਰ ਵਿੱਚ 50 ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ।