ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਸਤੰਬਰ
ਦਿੱਲੀ ਦੇ ਕਈ ਹਿੱਸਿਆਂ ਵਿੱਚ ਅੱਜ ਤੜਕੇ ਮੀਂਹ ਪਿਆ। ਇਸ ਕਾਰਨ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ। ਸੜਕਾਂ ਅਤੇ ਨੀਵੇਂ ਖੇਤਰਾਂ ਵਿੱਚ ਪਾਣੀ ਭਰਨ ਕਾਰਨ ਕਈ ਥਾਈਂ ਆਵਾਜਾਈ ਪ੍ਰਭਾਵਿਤ ਹੋਈ। ਭਾਰਤ ਦੇ ਮੌਸਮ ਵਿਭਾਗ ਨੇ ਦਿੱਲੀ ਲਈ ਸੰਤਰੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਵੀਰਵਾਰ ਨੂੰ ਦਿੱਲੀ ਵਿੱਚ ਤੇਜ਼ ਹਵਾਵਾਂ ਦੇ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਸ਼ਹਿਰ ਵਿੱਚ ਆਮ ਤੌਰ ’ਤੇ ਬੱਦਲ ਛਾਏ ਰਹੇ ਤੇ ਰੁਕ ਰੁਕ ਕੇ ਮੀਂਹ ਪਿਆ। ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ ਵੱਲੋਂ ਸੜਕਾਂ ਉੱਪਰ ਪਾਣੀ ਭਰਨ ਤੋਂ ਰੋਕਣ ਲਈ ਕੀਤੇ ਗਏ ਦਾਅਵੇ ਅਤੇ ਵਾਅਦੇ ਭਰਵੇਂ ਮੀਂਹ ਵਿੱਚ ਧੋਤੇ ਜਾਂਦੇ ਹਨ। ਅੱਜ ਵੀ ਅਜਿਹਾ ਹੀ ਹੋਇਆ। ਅੱਜ ਗ੍ਰੀਨ ਪਾਰਕ, ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਸਾਊਥ ਐਕਸਟੈਂਸ਼ਨ ਅਤੇ ਮਿੰਟੋ ਪੁਲ ਤੇ ਆਈਟੀਓ ਕੁਝ ਅਜਿਹੇ ਖੇਤਰ ਹਨ ਜਿੱਥੇ ਸਵੇਰੇ ਤੜਕੇ ਮੀਂਹ ਕਾਰਨ ਪਾਣੀ ਭਰ ਗਿਆ। ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰਨ ਕਾਰਨ ਰਾਹਗੀਰ ਕਾਫ਼ੀ ਪ੍ਰੇਸ਼ਾਨ ਹੋਏ।
ਇਸ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 23 ਡਿਗਰੀ ਸੈਲਸੀਅਸ ਅਤੇ 30 ਦੇ ਕਰੀਬ ਡਿਗਰੀ ਸੈਲਸੀਅਸ ਰਿਹਾ ਜੋ ਸਾਲ ਦੇ ਇਸ ਸਮੇਂ ਦੇ ਅਨੁਮਾਨਿਤ ਆਮ ਤਾਪਮਾਨ ਤੋਂ ਘੱਟ ਹੈ। ਦਰਮਿਆਨੀ ਬਾਰਿਸ਼ ਹੋਣ ਕਾਰਨ ਰੋਹਤਕ ਰੋਡ ’ਤੇ ਨੰਗਲੋਈ ਤੋਂ ਟਿੱਕਰੀ ਬਾਰਡਰ ਵੱਲ ਜਾਣ ਵਾਲੇ ਮਾਰਗ ’ਤੇ ਪਾਣੀ ਭਰ ਗਿਆ ਅਤੇ ਟਰੈਫਿਕ ਜਾਮ ਹੋ ਗਿਆ। ਦਿੱਲੀ ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਮੁੰਡਕਾ ਤੋਂ ਬਚਣ ਅਤੇ ਬਦਲਵਾਂ ਰਸਤਾ ਅਪਣਾਉਣ ਲਈ ਕਿਹਾ। ਐੱਨਸੀਆਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਵੇਰੇ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਦਿਨ ਵਿੱਚ ਰੁਕ ਰੁਕ ਕੇ ਬਾਰਸ਼ ਹੁੰਦੀ ਰਹੀ।