ਪੁੰਛ, 13 ਸਤੰਬਰ
ਸੁਰੱਖਿਆ ਬਲਾਂ ਨੇ ਵੀਰਵਾਰ ਸ਼ਾਮ ਨੂੰ ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਇੱਕ ਸ਼ੱਕੀ ਅੱਤਵਾਦੀ ਸਮੂਹ ਨਾਲ ਜੁੜੇ ਇੱਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਵਿਸਫੋਟਕ ਪਦਾਰਥ ਅਤੇ ਗ੍ਰਨੇਡ ਸਮੇਤ ਕਾਬੂ ਕੀਤਾ ਹੈ। ਜੰਮੂ-ਕਸ਼ਮੀਰ ਗਜ਼ਨਵੀ ਫੋਰਸ ਅਨੁਸਾਰ ਪੁੰਛ ਜ਼ਿਲ੍ਹੇ ਦੇ ਪੋਠਾ ਬਾਈਪਾਸ ’ਤੇ ਜੰਮੂ-ਕਸ਼ਮੀਰ ਪੁਲੀਸ, ਭਾਰਤੀ ਸੈਨਾ ਅਤੇ ਕੇਂਦਰੀ ਰਿਜ਼ਰਵ ਪੁਲੀਸ ਵੱਲੋਂ ਸਾਂਝਾ ਨਾਕਾ ਲਗਾਇਆ ਗਿਆ। ਇਸ ਦੌਰਾਨ ਇਕ ਸ਼ੱਕੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਉਸ ਨੂੰ ਦਬੋਚ ਲਿਆ।
ਕਾਬੂ ਕੀਤੇ ਗਏ ਵਿਅਕਤੀ ਤੋਂ ਤਲਾਸ਼ੀ ਮੌਕੇ ਬਲਾਂ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਨੀਲੇ ਰੰਗ ਦਾ ਬੈਗ ਬਰਾਮਦ ਕੀਤਾ ਜਿਸ ਵਿੱਚ ਤਿੰਨ HE-36 ਹੈਂਡ ਗ੍ਰੇਨੇਡ, ਵਿਸਫੋਟਕ ਪਦਾਰਥ ਅਤੇ ਹੋਰ ਅਪਰਾਧਕ ਸਮੱਗਰੀ ਸੀ। ਮੁੱਢਲੀ ਜਾਂਚ ਦੌਰਾਨ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਸ਼ਬੀਰ ਵਜੋਂ ਹੋਈ ਜੋ ਕਿ ਦਰਿਆਲਾ, ਨੌਸ਼ਹਿਰਾ ਦਾ ਰਹਿਣ ਵਾਲਾ ਸੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਅਜ਼ੀਮ ਖਾਨ ਉਰਫ਼ ਮੁਦੀਰ ਨਾਮਕ ਹੈਂਡਲਰ ਦੇ ਸੰਪਰਕ ਵਿੱਚ ਸੀ। –ਏਐੱਨਆਈ