ਦਰਸ਼ਨ ਸਿੰਘ
ਮਨੁੱਖੀ ਸੁਭਾਅ ਵੀ ਬੜਾ ਅਜੀਬ ਹੈ। ਕਿਸੇ ਨਾਲ ਸਾਂਝ, ਕਿਸੇ ਨਾਲ ਗੁੱਸਾ ਤੇ ਕਿਸੇ ਨਾਲ ਰੋਸੇ ਸ਼ਿਕਾਇਤਾਂ। ਇਉਂ ਵੀ ਕਈ ਵਾਰ ਹੁੰਦਾ ਹੈ ਕਿ ਬਿਨਾਂ ਕਿਸੇ ਗੱਲੋਂ ਅਸੀਂ ਉਮਰ ਭਰ ਲਈ ਦਿਲਾਂ ’ਚ ਫ਼ਾਸਲੇ ਬਣਾ ਲੈਂਦੇ ਹਾਂ। ‘ਗੱਲ ਲਾਈ ਗਿੱਟੇ, ਕੋਈ ਰੋਵੇ ਕੋਈ ਪਿੱਟੇ’ ਅਤੇ ‘ਗੱਲ ਕਰਾਂ ਗੱਲ ਨਾਲ, ਨੱਕ ਵੱਢਾਂ ਵੱਲ ਨਾਲ’ ਕਈ ਵਾਰ ਗੱਲ ਅਜਿਹੀ ਵੀ ਹੁੰਦੀ ਹੈ।
ਜ਼ਿੰਦਗੀ ਵਿੱਚ ਹਰ ਕਿਸੇ ਨਾਲ ਇਸੇ ਤਰ੍ਹਾਂ ਵਾਪਰਦਾ ਹੈ।
ਗੱਲ ਆਪਣੀ ਕਰਦਾ ਹਾਂ। ਥੋੜ੍ਹੇ ਕੁ ਦਿਨ ਪਹਿਲੋਂ ਮੈਂ ਰਾਤ ਭਰ ਗੂੜ੍ਹੀ ਨੀਂਦ ਸੌਂ ਕੇ ਸਵੇਰੇ ਤਰੋਤਾਜ਼ਾ ਉੱਠਿਆ। ਘਰ ਦਾ ਬੂਹਾ ਖੋਲ੍ਹਿਆ। ਸੱਜਰੀ ਸਵੇਰ, ਸੁਨੱਖਾ ਚਾਨਣ। ਵਿਹੜੇ ’ਚ ਦੇਖਿਆ। ਅਖ਼ਬਾਰ ਦਿਖਾਈ ਨਾ ਦਿੱਤੀ। ਘੰਟੇ ਕੁ ਦੀ ਲੰਮੀ ਉਡੀਕ ਪਿੱਛੋਂ ਵੀ ਅਖ਼ਬਾਰ ਨਾ ਆਈ। ਮੇਰੇ ਲਈ ਹੋਰ ਉਡੀਕ ਕਰਨੀ ਬੜੀ ਔਖੀ ਸੀ ਜੋ ਮੈਂ ਕਰ ਨਾ ਸਕਿਆ। ਮਨ ਨੂੰ ਬੇਚੈਨੀ ਤੇ ਖੋਹ ਜਿਹੀ ਪੈਣ ਲੱਗੀ। ‘ਪਤਾ ਨਹੀਂ, ਕਿਹੋ ਜਿਹੇ ਬੰਦੇ ਆ। ਵਕਤ ਸਿਰ ਅਖ਼ਬਾਰ ਦੇਣ ਵੀ ਨਹੀਂ ਆਉਂਦੇ।’ ਹੋਰ ਬੜਾ ਕੁਝ ਮੈਂ ਅੰਦਰੋ ਅੰਦਰ ਸੋਚ ਲਿਆ। ‘‘ਕੀ ਸੋਚਦੇ ਓ?’’ ਨੂੰਹ ਨੇ ਪੁੱਛਿਆ। ‘‘ਅਖ਼ਬਾਰ ਦੇਣ ਨੀਂ ਆਇਆ ਅਜੇ ਤਾਈਂ। ਸਵੇਰੇ ਸਵੇਰੇ ਚੰਗਾ ਭਲਾ ਮੂਡ ਖਰਾਬ ਕਰ ਦਿੱਤਾ…। ਇਹਦੇ ਕੋਲੋਂ ਅਖ਼ਬਾਰ ਬੰਦ ਹੀ ਕਰਵਾ ਦੇਣੀ…।’’ ਮੈਂ ਕਿਹਾ। ਦੁਪਹਿਰੇ ਉਹ ਆਇਆ। ਪਤਾ ਲੱਗਾ ਕਿ ਉਸ ਦੀ ਮਾਂ ਅੱਜ ਸਵੇਰੇ ਅਚਨਚੇਤ ਢਿੱਲੀ ਹੋ ਗਈ ਸੀ। ਉਸ ਨੂੰ ਦਵਾਈ ਲਈ ਹਸਪਤਾਲ ਲੈ ਕੇ ਗਿਆ ਸੀ। ਬਿਨਾਂ ਵਜ੍ਹਾ ਐਵੇਂ ਉਸ ਵਿਚਾਰੇ ’ਤੇ ਫਜ਼ੂਲ ਹੀ ਆਪਣਾ ਗੁੱਸਾ ਝਾੜਦਾ ਰਿਹਾ… ਪਛਤਾਵਾ ਮੈਨੂੰ ਬਹੁਤ ਹੋਇਆ।
ਸਾਡੀ ਬੇਬੇ ਆਪ-ਮੁਹਾਰਾ ਬੋਲਦੀ ਰਹਿੰਦੀ ਸੀ। ਕਿਸੇ ਨੂੰ ਸਮਝ ਨਾ ਆਵੇ ਉਸ ਨੂੰ ਕੀ ਹੋਇਆ ਸੀ ਤੇ ਉਹ ਉਦਾਸ ਕਿਉਂ ਰਹਿੰਦੀ ਸੀ। ਨਾ ਹੀ ਬੇਬੇ ਨੇ ਕਦੇ ਆਪ ਦੱਸਿਆ। ‘‘ਬੇਬੇ, ਗੱਲ ਤਾਂ ਦੱਸ।’’ ਉਸ ਦਾ ਅੰਦਰ ਫਰੋਲਣ ਲਈ ਇਹ ਗੱਲ ਕਈ ਵਾਰ ਅਸੀਂ ਦੁਹਰਾਈ। ਉਹ ਚੁੱਪ ਦੀ ਚੁੱਪ ਹੀ ਰਹੀ। ਗੱਲ ਦਾ ਸਾਨੂੰ ਪਤਾ ਨਾ ਲੱਗਾ। ਉਦਾਸੀ ਉਸ ਦੀ ਉਸੇ ਤਰ੍ਹਾਂ ਬਣੀ ਰਹੀ। ਆਪਣੇ ਅੰਦਰ ਦੀਆਂ ਗੱਲਾਂ ਬਿਨਾਂ ਦੱਸੇ ਆਪਣੇ ਨਾਲ ਹੀ ਲੈ ਗਈ। ਅਸੀਂ ਅਟਕਲਾਂ ਹੀ ਲਗਾਉਂਦੇ ਰਹੇ।
ਸੰਘ ਵਿੱਚ ਹੀ ਗੱਲਾਂ ਦਾ ਫਸੇ ਰਹਿਣਾ ਵਧੀਆ ਗੱਲ ਨਹੀਂ। ਗੱਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਗੱਲਾਂ ਕੀਤੇ ਬਿਨਾਂ ਮਨ ਦੇ ਬੂਹੇ ਕਦੇ ਨਹੀਂ ਖੁੱਲ੍ਹਦੇ। ਆਖ਼ਰ ਗੱਲਾਂ ਕੀਤਿਆਂ ਹੀ ਕਿਸੇ ਦੇ ਮਨ ਦੀਆਂ ਭਾਵਨਾਵਾਂ, ਜਜ਼ਬਾਤ ਤੇ ਅਹਿਸਾਸ ਸਾਹਮਣੇ ਆਉਂਦੇ ਹਨ। ‘‘ਤੂੰ ਹੁਣ ਮੇਰੇ ਕੋਲ ਅੱਗੇ ਵਾਂਗ ਕਿਉਂ ਨਹੀਂ ਆਉਂਦਾ?’’ ਅਚਾਨਕ ਮਿਲੇ ਆਪਣੇ ਰਿਸ਼ਤੇਦਾਰ ਨੂੰ ਮੈਂ ਕਿਹਾ। ‘‘ਤੂੰ ਕਿਹੜਾ ਕਦੇ ਆਇਐਂ?’’ ‘‘ਚੱਲ ਫਿਰ ਹੁਣ ਘਰ ਚੱਲਦੇ ਹਾਂ।’’ ਉਸੇ ਵੇਲੇ ਉਹ ਮੇਰੇ ਨਾਲ ਚੱਲ ਪਿਆ। ਗੱਲਾਂ ਕਰਦਿਆਂ ਪਤਾ ਹੀ ਨਾ ਲੱਗਾ ਕਦੋਂ ਤਿੰਨ ਘੰਟੇ ਲੰਘ ਗਏ ਤੇ ਅਸੀਂ ਪਹਿਲਾਂ ਵਾਂਗ ਹੀ ਹੋ ਗਏ। ਬਿਨਾਂ ਕਿਸੇ ਗੱਲ ਤੋਂ ਅਸੀਂ ਦੋਵੇਂ ਆਪ ਸਹੇੜੀਆਂ ਮਨਘੜਤ ਨਾਰਾਜ਼ਗੀਆਂ ਤੇ ਭੁਲੇਖਿਆਂ ਦਾ ਮਾਨਸਿਕ ਸੰਤਾਪ ਵਿਅਰਥ ਹੀ ਭੋਗਦੇ ਰਹੇ।
ਜ਼ਿੰਦਗੀ ਵਿੱਚ ਕੁਝ ਵੀ ਬੇਤਰਤੀਬਾ ਸਾਡੀ ਜ਼ਿੰਦਗੀ ਨੂੰ ਬੇਸੁਰੀਆਂ ਧੁਨੀਆਂ ਨਾਲ ਭਰ ਦਿੰਦਾ ਹੈ। ਵਿਚਾਰ ਹੀ ਜ਼ਿੰਦਗੀ ਦਾ ਆਧਾਰ ਹੁੰਦੇ ਹਨ। ਵਿਚਾਰ ਬਦਲਣ ਨਾਲ ਹੀ ਸੋਚ ਬਦਲਦੀ ਹੈ ਤੇ ਸੋਚ ਬਦਲਣ ਨਾਲ ਮਨੁੱਖ ਦਾ ਸੰਸਾਰ ਬਦਲ ਜਾਂਦਾ ਹੈ। ਮੇਰਾ ਇੱਕ ਨਜ਼ਦੀਕੀ ਆਪਣੀਆਂ ਕੀਤੀਆਂ ਗ਼ਲਤੀਆਂ ਦੇ ਬੋਝ ਹੇਠ ਦੱਬਦਾ ਤੇ ਘੁਟਣ ਮਹਿਸੂਸ ਕਰਦਾ ਸੀ। ਪਹਿਲੋਂ ਪਹਿਲ ਤਾਂ ਉਸ ਨੇ ਮੇਰੀ ਇੱਕ ਗੱਲ ਵੀ ਸੁਣਨ ਦੀ ਕੋਸ਼ਿਸ਼ ਨਾ ਕੀਤੀ, ਗੱਲ ਉੱਪਰ ਚੱਲਣਾ ਤਾਂ ਦੂਰ ਦੀ ਗੱਲ ਸੀ।
ਇੱਕ ਦਿਨ ਮੈਂ ਕਿਹਾ, ‘‘ਇਸ ਤਰ੍ਹਾਂ ਦੀ ਲੰਮੀ ਚੁੱਪ ਨਾਲ ਜ਼ਿੰਦਗੀ ਦੇ ਲੰਮੇ ਪੈਂਡੇ ਤੈਅ ਨਹੀਂ ਹੁੰਦੇ। ਕਿਸੇ ਕੋਲ ਬਹਿ ਕੇ ਕੋਈ ਆਪਣੀ ਗੱਲ ਸੁਣਾ, ਕੁਝ ਦੂਜੇ ਦੀਆਂ ਸੁਣ। ਚੰਗੀਆਂ ਗੱਲਾਂ ਮਨ ’ਤੇ ਡੂੰਘਾ ਅਸਰ ਛੱਡਦੀਆਂ ਹਨ।’’ ਮੈਂ ਅਕਸਰ ਆਖਦਾ ਕਿ ਇਹ ਬੰਦੇ ’ਤੇ ਨਿਰਭਰ ਕਰਦਾ ਹੈ ਕਿ ਉਹ ਜ਼ਿੰਦਗੀ ਨੂੰ ਕਿਵੇਂ ਲੈਂਦਾ ਹੈ ਤੇ ਕਿਸ ਕੋਣ ਤੋਂ ਦੇਖਦਾ ਹੈ। ਮੇਰੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਦੇਖਦਿਆਂ ਮੈਂ ਬਹੁਤ ਖ਼ੁਸ਼ ਸਾਂ।
ਛੋਟੇ ਹੁੰਦਿਆਂ ਮੈਂ ਕਿਸੇ ਗੱਲੋਂ ਵੱਡੇ ਭਰਾ ਨਾਲ ਗੁੱਸੇ ਹੋ ਕੇ ਸਟੇਸ਼ਨ ’ਤੇ ਆ ਬੈਠਾ। ਪਤਾ ਲੱਗਣ ’ਤੇ ਭਰਾ ਮੇਰੇ ਪਿੱਛੇ ਪਿੱਛੇ ਆ ਗਿਆ। ‘‘ਆ, ਘਰੇ ਚੱਲੀਏ। ਬਹਿ ਕੇ ਗੱਲ ਕਰਾਂਗੇ।’’ ਮੈਂ ਆਪਣੀ ਜ਼ਿੱਦ ਤਾਂ ਪੁਗਾ ਲਈ, ਪਰ ਭਰਾ ਦੀਆਂ ਆਖੀਆਂ ਗੱਲਾਂ ਨੇ ਮੇਰੀਆਂ ਅੱਖਾਂ ਨੂੰ ਹੰਝੂ ਵੀ ਦੇ ਦਿੱਤੇ, ਜ਼ਿੰਦਗੀ ਦੇ ਵੱਡੇ ਸਬਕ ਵੀ। ਇਹ ਘਟਨਾ ਮੈਨੂੰ ਭਰਾ ਦੇ ਬਹੁਤ ਨੇੜੇ ਲੈ ਆਈ ਤੇ ਮੇਰੀਆਂ ਅੱਖਾਂ ਸਦਾ ਉਸ ਅੱਗੇ ਨੀਵੀਆਂ ਹੀ ਰਹੀਆਂ। ਨਿੱਕੀਆਂ ਨਿੱਕੀਆਂ ਗੱਲਾਂ ਨੂੰ ਮੈਂ ਫਿਰ ਕਦੇ ਮਨ ’ਤੇ ਨਾ ਲਾਇਆ।
ਦੇਖਿਆ ਜਾਂਦਾ ਹੈ ਕਿ ਅਜੋਕੇ ਮਾਪੇ ਵਿਆਕੁਲ ਰਹਿੰਦੇ ਹਨ ਕਿ ਕੋਈ ਉਨ੍ਹਾਂ ਦੀ ਗੱਲ ਸੁਣੇ, ਪਰ ਜਦ ਕਿਸੇ ਪਾਸਿਉਂ ਕੋਈ ਹੁੰਗਾਰਾ ਨਹੀਂ ਮਿਲਦਾ ਤਾਂ ਉਹ ਬਿਲਕੁੱਲ ਚੁੱਪ ਤੇ ਉਦਾਸ ਹੋ ਕੇ ਬਹਿ ਜਾਂਦੇ ਹਨ। ਸਮਝ ਉਨ੍ਹਾਂ ਨੂੰ ਵੀ ਨਹੀਂ ਆਉਂਦੀ ਕਿ ਬਿਨਾਂ ਕਿਸੇ ਗੱਲ ਤੋਂ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਧੀਆਂ ਪੁੱਤਾਂ ਦੇ ਮਾਪਿਆਂ ਕੋਲ ਬੈਠਣ ਦੇ ਦੋ ਪਲ ਵੀ ਉਨ੍ਹਾਂ ਦਾ ਉਮਰਾਂ ਦਾ ਥਕੇਵਾਂ ਲਾਹ ਦਿੰਦੇ ਹਨ। ਉਂਜ ਹਰ ਗੱਲ ਦਾ ਸਮਾਂ ਵੀ ਹੁੰਦਾ ਹੈ। ਹਰ ਗੱਲ ਹਰ ਸਮੇਂ ਨਹੀਂ ਕੀਤੀ ਜਾ ਸਕਦੀ। ਕਦੋਂ ਕਿਹੜੀ ਗੱਲ ਕਰਨੀ ਹੈ… ਕਿੰਨੀ ਕੁ ਕਰਨੀ ਹੈ ਪਤਾ ਤਾਂ ਹੋਣਾ ਚਾਹੀਦੈ। ਬਿਨਾਂ ਕਿਸੇ ਗੱਲ ਤੋਂ ਕੀਤੀਆਂ ਗੱਲਾਂ ਵੀ ਸੁਣਨ ਵਾਲੇ ਲਈ ਗਲ਼ ਪਿਆ ਢੋਲ ਵਜਾਉਣਾ ਹੀ ਹੁੰਦਾ ਹੈ।
ਸੰਪਰਕ: 94667-37933