ਪੱਤਰ ਪ੍ਰੇਰਕ
ਜਲੰਧਰ, 13 ਸਤੰਬਰ
ਸਰਕਾਰੀ ਹਸਪਤਾਲਾਂ ’ਚ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਪੀਸੀਐੱਮਐੱਸ ਡਾਕਟਰ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਪੂਰੇ ਦਿਨ ਦੀ ਹੜਤਾਲ ਰੱਖੀ। ਅੱਜ ਵੀ ਸਿਵਲ ਹਸਪਤਾਲ ’ਚ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹੀਆਂ ਤੇ ਮਰੀਜ਼ਾਂ ਨੂੰ ਐਮਰਜੈਂਸੀ ਸੇਵਾਵਾਂ ਮਿਲੀਆਂ। ਐਮਰਜੈਂਸੀ ਵਾਰਡ ’ਚ ਮਰੀਜ਼ਾਂ ਦੀ ਭੀੜ ਵਧ ਗਈ। ਓਪੀਡੀ ’ਚ ਇਲਾਜ ਕਰਵਾਉਣ ਵਾਲੇ ਉਕਤ ਮਰੀਜ਼ ਹੜਤਾਲ ਕਾਰਨ ਇਲਾਜ ਤੋਂ ਵਾਂਝੇ ਰਹੇ ਤੇ ਡਾਕਟਰਾਂ ਨੂੰ ਕੋਸਦੇ ਰਹੇ। ਡਾਕਟਰਾਂ ਦੀ ਹੜਤਾਲ ਕਾਰਨ ਹਸਪਤਾਲ ’ਚ ਦਾਖ਼ਲ ਮਰੀਜ਼ ਵੀ ਛੁੱਟੀ ਲੈਣ ਲੱਗੇ ਹਨ। ਸਵੇਰੇ ਹਸਪਤਾਲ ਖੁੱਲ੍ਹਣ ਤੋਂ ਬਾਅਦ ਇਲਾਜ ਲਈ ਆਏ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਡਾਕਟਰਾਂ ਦੀ ਓਪੀਡੀ ਨੂੰ ਤਾਲਾ ਲੱਗਿਆ ਰਿਹਾ। ਡਾਕਟਰ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਹੜਤਾਲ ਕਾਰਨ ਨਿੱਜੀ ਹਸਪਤਾਲਾਂ ਅਤੇ ਕਲੀਨਿਕਾਂ ਵਿਚ ਮਰੀਜ਼ਾਂ ਦੀ ਭੀੜ ਰਹੀ।
ਪਠਾਨਕੋਟ (ਪੱਤਰ ਪ੍ਰੇਰਕ): ਡਾਕਟਰਾਂ ਦੀ ਹੜਤਾਲ ਦੇ ਚਲਦਿਆਂ ਸਿਵਲ ਹਸਪਤਾਲ ਵਿੱਚ ਸਿਹਤ ਸੇਵਾਵਾਂ ਠੱਪ ਰਹੀਆਂ ਜਿਸ ਕਾਰਨ ਮਰੀਜ਼ਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਗਰਭਵਤੀ ਔਰਤਾਂ ਦੀ ਵੀ ਕੋਈ ਜਾਂਚ ਨਹੀਂ ਹੋਈ। ਜਦ ਸਵੇਰੇ 10 ਵਜੇ ਦੇ ਕਰੀਬ ਜਾਂਚ ਕਰਵਾਉਣ ਵਾਲੀਆਂ ਔਰਤਾਂ ਉੱਥੇ ਪੁੱਜੀਆਂ ਤਾਂ ਡਾਕਟਰਾਂ ਦੇ ਕਮਰੇ ਬਾਹਰ ਤਾਲਾ ਲੱਗਿਆ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਪਰਤਣਾ ਪਿਆ। ਹੜਤਾਲ ਕਾਰਨ ਤਿੰਨ ਦਿਨਾਂ ’ਚ ਹੀ 23 ਸਰਜਰੀਆਂ ਨਹੀਂ ਹੋ ਸਕੀਆਂ।
ਹੜਤਾਲ ਦੇ ਖ਼ਤਮ ਹੋਣ ਤੱਕ ਇਨ੍ਹਾਂ ਸਰਜਰੀਆਂ ਦੇ ਮਰੀਜ਼ਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ। ਅੱਜ ਵੀ ਡਾਕਟਰ ਹਸਪਤਾਲ ਦੇ ਬਾਹਰ ਹੜਤਾਲ ’ਤੇ ਬੈਠੇ ਰਹੇ।