ਪੱਤਰ ਪ੍ਰੇਰਕ
ਜਲੰਧਰ, 13 ਸਤੰਬਰ
ਇੱਥੋਂ ਦੇ ਡਾਕ ਵਿਭਾਗ ਦੀ 20 ਸਾਲਾ ਮਹਿਲਾ ਮੁਲਾਜ਼ਮ ਨੂੰ ਅਗਵਾ ਕਰਨ ਅਤੇ ਜਬਰ ਜਨਾਹ ਦੇ ਮਾਮਲੇ ਵਿੱਚ ਅੱਜ ਦੇਰ ਸ਼ਾਮ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਡੇਲਿਨਾ ਕੋਂਡਾਪ ਪੀੜਤਾ ਨੂੰ ਮਿਲਣ ਪਹੁੰਚੀ। ਉਨ੍ਹਾਂ ਪੀੜਤਾ ਨਾਲ ਗੱਲਬਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਸਬੰਧੀ ਇੱਕ ਦਿਨ ਪਹਿਲਾਂ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਜਲੰਧਰ ਪੁਲੀਸ ਨੂੰ ਇਸ ਮਾਮਲੇ ਵਿੱਚ ਐਸਆਈਟੀ ਬਣਾਉਣ ਦੇ ਆਦੇਸ਼ ਦਿੱਤੇ ਸਨ।
ਕੋਂਡਾਪ ਨੇ ਕਿਹਾ ਕਿ ਹੁਣ ਪੀੜਤਾ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਹ ਖੁਦ ਪੀੜਤਾ ਤੇ ਉਸ ਦੇ ਪਰਿਵਾਰ ਨਾਲ ਗੱਲ ਕਰਕੇ ਆਈ ਹੈ। ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪੁਲੀਸ ਨੂੰ ਵੀ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕੱਲ੍ਹ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਬੱਚੀ ਨਾਲ ਬਲਾਤਕਾਰ ਹੋਇਆ ਹੈ ਜਿਸ ਤੋਂ ਬਾਅਦ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਮਾਮਲੇ ’ਚ ਬਲਾਤਕਾਰ ਦੀ ਧਾਰਾ ਜੋੜ ਦਿੱਤੀ ਗਈ ਹੈ।
ਥਾਣਾ ਡਿਵੀਜ਼ਨ ਨੰਬਰ 5 ਦੇ ਅਧਿਕਾਰੀ ਹੁਣ ਮਾਮਲੇ ਦੀ ਜਾਂਚ ਨਹੀਂ ਕਰ ਰਹੇ ਹਨ। ਇਸ ਦੀ ਜਾਂਚ ਥਾਣਾ ਡਿਵੀਜ਼ਨ ਨੰਬਰ-7 ਦੀ ਐੱਸਐੱਚਓ ਅਨੂ ਪਾਲਿਆਲ ਵੱਲੋਂ ਕੀਤੀ ਜਾ ਰਹੀ ਹੈ। ਜਲੰਧਰ ਕਮਿਸ਼ਨਰੇਟ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਬੀਐੱਨਐੱਸ 127 (6) ਤਹਿਤ ਮਾਮਲਾ ਦਰਜ ਕੀਤਾ ਸੀ।
ਇਸ ਮਾਮਲੇ ਵਿੱਚ ਪੁਲੀਸ ਨੇ ਬਲਵਿੰਦਰ ਸਿੰਘ ਉਰਫ਼ ਬੌਬੀ ਉਰਫ਼ ਬਲਵਿੰਦਰ ਡਾਕੀਆ (29) ਵਾਸੀ ਰਾਮਾਮੰਡੀ ਫ਼ੌਜੀ ਵਾਲੀ ਗਲੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਉਹ ਰਿਮਾਂਡ ’ਤੇ ਹੈ।