ਪੱਤਰ ਪ੍ਰੇਰਕ
ਫਗਵਾੜਾ, 13 ਸਤੰਬਰ
ਇੱਥੋਂ ਦੀ ਸ਼ੂਗਰ ਮਿੱਲ ਵੱਲ 21-22 ਸੀਜ਼ਨ ਦੀ ਖੜ੍ਹੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਜਾਰੀ ਨਾ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਵੱਲੋਂ ਆਰੰਭੀ ਮੁਹਿੰਮ ਤਹਿਤ ਅੱਜ ਦੂਸਰੇ ਦਿਨ 8 ਜਾਇਦਾਦਾਂ ਦੀ ਨਿਲਾਮੀ ਕਰਵਾਉਣ ਦਾ ਕੰਮ ਐੱਸਡੀਐੱਮ ਦਫ਼ਤਰ ਵਿੱਚ ਹੋਇਆ ਪਰ ਖਰੀਦਦਾਰਾਂ ਦੀ ਘਾਟ ਕਾਰਨ ਕੋਈ ਵੀ ਬੋਲੀ ਸਿਰੇ ਨਹੀਂ ਚੜ੍ਹੀ ਤੇ ਅੱਜ ਕੁੱਲ 14 ਜਾਇਦਾਦਾਂ ਦੀ ਬੋਲੀ ਦਾ ਕੰਮ ਸਮਾਪਤ ਹੋ ਗਿਆ ਹੈ।
ਐੱਸਡੀਐੱਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਅਦਾਇਗੀ ਕਰਵਾਉਣ ਲਈ ਸਰਕਾਰ ਵੱਲੋਂ ਆਪਣੀ ਮੁਕੰਮਲ ਕਾਰਵਾਈ ਕਰ ਕੇ ਜਾਇਦਾਦਾਂ ਦੀ ਬੋਲੀ ਦੇ ਅੱਜ ਦੂਸਰੇ ਦਿਨ ਜਾਇਦਾਦਾ ਦੇ ਚਾਹਵਾਨ ਖਰੀਦਦਾਰਾਂ ਨੂੰ ਬੋਲੀ ’ਚ ਸ਼ਾਮਿਲ ਹੋਣ ਲਈ ਕਿਹਾ ਸੀ ਪਰ ਖਰੀਦਦਾਰਾਂ ਦੀ ਭਾਰੀ ਘਾਟ ਰਹੀ ਜਿਸ ਕਾਰਨ ਇਹ ਬੋਲੀ ਸਿਰੇ ਨਹੀਂ ਚੜ੍ਹ ਸਕੀ। ਐੱਸਡੀਐੱਮ ਦੱਸਿਆ ਕਿ ਹੁਣ ਇਸ ਸਬੰਧੀ ਨਵਾਂ ਇਸ਼ਤਿਹਾਰ ਦਿੱਤਾ ਜਾਵੇਗਾ ਤੇ ਮੁੜ ਬੋਲੀ ਦੀ ਤਰੀਕ ਮੁਕੱਰਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਇਸ ਮਾਮਲੇ ’ਚ ਆਪਣਾ ਕੰਮ ਕਰ ਰਿਹਾ ਹੈ।
ਜਾਇਦਾਦਾਂ ਦੀ ਨਿਲਾਮੀ ਨਾ ਹੋਣ ਤੋਂ ਕਿਸਾਨ ਪ੍ਰੇਸ਼ਾਨ
ਫਗਵਾੜਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਦੋਸ਼ ਲਗਾਇਆ ਕਿ ਸ਼ੂਗਰ ਮਿੱਲ ਦੀਆਂ ਜਾਇਦਾਦਾਂ ਦੀ ਨਿਲਾਮੀ ਲਈ ਪ੍ਰਸ਼ਾਸਨ ਜਾਣ ਬੁੱਝ ਕੇ ਮਾਮਲੇ ਨੂੰ ਲਟਕਾ ਰਿਹਾ ਹੈ ਜਿਸ ਕਰਕੇ ਜਾਇਦਾਦਾਂ ਦੀ ਨਿਲਾਮੀ ਸਿਰੇ ਨਹੀਂ ਚੜ੍ਹ ਰਹੀ ਹੈ। ਇਸ ਦੇ ਰੋਸ ਵਜੋਂ ਕਿਸਾਨ 16 ਸਤੰਬਰ ਨੂੰ ਫਗਵਾੜਾ ’ਚ ਵੱਡਾ ਇਕੱਠ ਕਰਨਗੇ।