ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 13 ਸਤੰਬਰ
ਗੁਰੂ ਅਮਰਦਾਸ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸ਼ਤਾਬਦੀ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤਹਿਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨਗਰ ਦੀ ਸਾਫ ਸਫਾਈ ਦੀ ਸੇਵਾ ਆਰੰਭ ਕਰ ਦਿੱਤੀ ਹੈ। ਕਾਰ ਸੇਵਾ ਭੂਰੀ ਵਾਲਿਆਂ ਦੇ ਸੇਵਕ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੇ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਸ਼ਹਿਰ ਦੀ ਸਾਫ ਸਫਾਈ ਲਈ ਜਿੱਥੇ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਹੈ ਉਥੇ ਹੀ ਭੂਰੀ ਵਾਲਿਆਂ ਦੇ ਕਾਰ ਸੇਵਕਾਂ ਨੇ ਆਧੁਨਿਕ ਮਸ਼ੀਨਰੀ ਅਤੇ ਝਾੜੂਆਂ ਨਾਲ ਸਮੁੱਚੇ ਗੋਇੰਦਵਾਲ ਸਾਹਿਬ ਖੇਤਰ ਦੀ ਸਫਾਈ ਲਈ ਵਿਆਪਕ ਯਤਨ ਸ਼ੁਰੂ ਕਰ ਦਿੱਤੇ ਹਨ ਜੋ 19 ਸਤੰਬਰ ਤਕ ਜਾਰੀ ਰਹਿਣਗੇ। ਬਾਬਾ ਸੁਖਵਿੰਦਰ ਸਿੰਘ ਭੂਰੀਵਾਲਿਆਂ ਨੇ ਕਿਹਾ ਕਿ ਇਸ ਸੇਵਾ ਲਈ 100 ਦੇ ਕਰੀਬ ਸੇਵਾਦਾਰ ਅਤੇ ਸਾਫ-ਸਫਾਈ ਲਈ ਦੋ ਆਧੁਨਿਕ ਗੱਡੀਆ ਸ਼ਤਾਬਦੀ ਸਮਾਗਮਾਂ ਦੌਰਾਨ ਸਾਫ ਸਫਾਈ ਦੀ ਸੇਵਾ ਨਿਭਾਉਣਗੀਆਂ। ਇਸ ਮੌਕੇ ਮੈਨੇਜਰ ਗੁਰਾ ਸਿੰਘ ਮਾਨ, ਐਡੀਸ਼ਨਲ ਮੈਨੇਜਰ ਨਿਰਮਲ ਸਿੰਘ ਕਾਹਲਵਾਂ, ਭਗਵੰਤ ਸਿੰਘ ਕਾਹਲਵਾਂ, ਮੀਤ ਮੈਨੇਜਰ ਸਰਬਜੀਤ ਸਿੰਘ ਮੁੰਡਾਪਿੰਡ ਤੇ ਬਾਬਾ ਜੱਗਾ ਸਿੰਘ ਹਾਜ਼ਰ ਸਨ।