ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਸਤੰਬਰ
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਅੱਜ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੇਸੀ ਪਿਸਤੌਲ ਤੋਂ ਇਲਾਵਾ ਦੋ ਖਿਡੌਣਾ ਪਿਸਤੌਲ, ਛੇ ਮੋਬਾਈਲ ਫ਼ੋਨ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਬੌਬੀ ਸਿੰਘ, ਜਗਦੀਪ ਸਿੰਘ, ਕਰਨਦੀਪ ਸਿੰਘ ਵਾਸੀ ਭੂਰੇ ਗਿੱਲ, ਓਮ ਪ੍ਰਕਾਸ਼ ਵਾਸੀ ਖਜ਼ਾਨਾ ਗੇਟ, ਅਰੁਣਦੀਪ ਸਿੰਘ ਅਤੇ ਸਾਜਨ ਸਿੰਘ ਵਾਸੀ ਪਿੰਡ ਬਚੀਵਿੰਡ ਵਜੋਂ ਹੋਈ ਹੈ। ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਪਿਸਤੌਲ ਦਿਖਾ ਕੇ ਲੋਕਾਂ ਨੂੰ ਲੁੱਟਦੇ ਸਨ। ਇਨ੍ਹਾਂ ਖ਼ਿਲਾਫ਼ ਅਸਲਾ ਐਕਟ ਤਹਿਤ ਨਵਾਂ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਕਿ ਛੇ ਹਥਿਆਰਬੰਦ ਸ਼ੱਕੀ ਵਿਅਕਤੀ ਇੱਕ ਕਾਰ ਵਿੱਚ ਇਲਾਕੇ ਵਿੱਚ ਘੁੰਮ ਰਹੇ ਹਨ। ਇਸ ਮਗਰੋਂ ਪੁਲੀਸ ਨੇ ਹਰਸ਼ਾ ਛੀਨਾ ਪਿੰਡ ਨੇੜੇ ਨਾਕਾ ਲਾਇਆ। ਪੁਲੀਸ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਤਲਾਸ਼ੀ ਦੌਰਾਨ ਹਥਿਆਰ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ।
ਲੋਕਾਂ ਨੇ ਦੋ ਲੁਟੇਰੇ ਕਾਬੂ ਕਰ ਕੇ ਪੁਲੀਸ ਨੂੰ ਸੌਂਪੇ
ਤਰਨ ਤਾਰਨ (ਪੱਤਰ ਪ੍ਰੇਰਕ): ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ਤੋਂ ਬਾਈਪਾਸ ਨੇੜੇ ਲੁੱਟ ਦੀ ਵਾਰਦਾਤ ਕਰ ਕੇ ਫਰਾਰ ਹੋਣ ਵਾਲੇ ਲੁਟੇਰਿਆਂ ਨੂੰ ਪੀੜਤ ਵਿਅਕਤੀ ਅਤੇ ਆਸ ਪਾਸ ਦੇ ਲੋਕਾਂ ਨੇ ਕਾਬੂ ਕਰ ਕੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲੀਸ ਅਧਿਕਾਰੀ ਏਐੱਸਆਈ ਗੁਰਦੀਪ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਕੁਲਦੀਪ ਸਿੰਘ ਅਤੇ ਮੰਗਤ ਸਿੰਘ ਵਾਸੀ ਹੋਠੀਆਂ ਦੇ ਤੌਰ ’ਤੇ ਕੀਤੀ ਗਈ ਹੈ| ਲੁਟੇਰੇ ਗੋਇੰਦਵਾਲ ਸਾਹਿਬ ਸੜਕ ਤੋਂ ਸਰਕਾਰੀ ਹਾਈ ਸਕੂਲ ਮਲਮੋਹਰੀ ਵਿੱਚ ਸੇਵਾਦਾਰ ਦੀ ਡਿਊਟੀ ਕਰਦੇ ਸਕੱਤਰ ਸਿੰਘ ਦੀ ਜੇਬ ਕੱਟ ਕੇ ਫਰਾਰ ਹੋ ਰਹੇ ਸਨ ਤਾਂ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਸਲਿੱਪ ਕਰ ਗਿਆ ਜਿਸ ’ਤੇ ਉਹ ਜ਼ਮੀਨ ’ਤੇ ਡਿੱਗ ਗਏ। ਪੀੜਤ ਸਕੱਤਰ ਸਿੰਘ ਵੱਲੋਂ ਰੌਲਾ ਪਾਉਣ ’ਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ।