ਜਸਬੀਰ ਚਾਨਾ
ਫਗਵਾੜਾ, 13 ਸਤੰਬਰ
ਵਕਫ਼ ਐਕਟ ’ਚ ਤਰਮੀਮ ਕਰਨ ਦੇ ਮਕਸਦ ਨਾਲ ਪਾਰਲੀਮੈਂਟ ’ਚ ਪੇਸ਼ ਕੀਤੇ ਬਿੱਲ ਦੇ ਵਿਰੋਧ ’ਚ ਅੱਜ ਭਾਰਤੀ ਅਲਪਸੰਖਿਅਕ ਆਰੱਕਸ਼ਨ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਰਾਸ਼ਟਰਪਤੀ ਦੇ ਨਾਂ ’ਤੇ ਐੱਸਡੀਐੱਮ ਨੂੰ ਮੰਗ ਪੱਤਰ ਦੇ ਕੇ ਇਸ ਬਿੱਲ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਅੱਜ ਮੁਸਲਿਮ ਭਾਈਚਾਰੇ ਦੇ ਲੋਕ ਸਰਾਏ ਰੋਡ ਮਸਜਿਦ ਵਿੱਚ ਇਕੱਠੇ ਹੋਏ ਤੇ ਨਾਅਰੇਬਾਜ਼ੀ ਕਰਦੇ ਹੋਏ ਪੈਦਲ ਐੱਸਡੀਐੱਮ ਦਫ਼ਤਰ ਲਈ ਰਵਾਨਾ ਹੋਏ। ਉਨ੍ਹਾਂ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਸਰਬਰ ਗੁਲਾਮ ਸੱਬਾ ਨੇ ਕਿਹਾ ਕਿ ਵਕਫ਼ ਕਾਨੂੰਨ ’ਚ ਅਜਿਹੀ ਕਿਸੇ ਵੀ ਸੋਧ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ ਜਿਸ ਨਾਲ ਵਕਫ਼ ਦਾ ਰੁਤਬਾ ਤੇ ਮੰਤਵ ਬਦਲਿਆ ਜਾਂਦਾ ਹੈ, ਇਹ ਸਰਕਾਰ ਦੀ ਇੱਕ ਸੋਝੀ ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਵਕਫ਼ ਸਾਡੇ ਬਜ਼ੁਰਗ ਤੇ ਪਰਉਪਕਾਰੀ ਲੋਕਾਂ ਵੱਲੋਂ ਸਹਾਇਤਾ ਕਰਨ ਲਈ ਬਣਾਈਆਂ ਗਈਆਂ ਜਾਇਦਾਦਾਂ ਦਾ ਨਾਮ ਹੈ ਜਿਸ ’ਚ ਕੋਈ ਵੀ ਸੋਧ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਮੰਗ ਪੱਤਰ ਦੇ ਕੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਇਸ ਬਿੱਲ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਕਾਰੀ ਮੁਹੰਮਦ ਗੈਯੂਰ, ਮੌਲਾਨਾ ਜਿਆ ਉਲ ਹੱਕ ਕਾਸਮੀ, ਮੁਫ਼ਤੀ ਸ਼ੁਏਬ ਆਲਮ ਕਾਸਮੀ, ਮੌਲਾਨਾ ਨਸੀਮ ਅਹਿਮਦ ਕਾਸਮੀ, ਮਾਸਟਰ ਕਮਰੂਲ, ਏਜਾਜ ਸਲਮਾਨੀ, ਮੁੰਨਾ, ਸਾਜਿਦ ਕੁਰੈਸ਼ੀ, ਤਾਜਿਮ ਕੁਰੈਸ਼ੀ, ਅਸਲਮ, ਕਾਰੀ ਸੂਫੀਆਨ, ਹਾਜੀ ਮੁਮਤਾਜ਼ ਨਰਸਰੀ ਕਾਰੀ ਸੂਫੀਆਨ ਸਮੇਤ ਵੱਡੀ ਗਿਣਤੀ ’ਚ ਮੁਸਲਿਮ ਆਗੂ ਸ਼ਾਮਿਲ ਸਨ।