ਖੇਤਰੀ ਪ੍ਰਤੀਨਿਧ
ਪਟਿਆਲਾ, 13 ਸਤੰਬਰ
ਸਹਾਇਕ ਪ੍ਰੋਫੈਸਰ ਗੈਸਟ ਫੈਕਲਟੀ ਵੱਲੋਂ ਆਪਣੀਆਂ ਮੰਗਾਂ ਸਬੰਧੀ ਪੰਜਾਬੀ ਯੂਨੀਵਰਸਿਟੀ ਵਿੱਚ ਵੀਸੀ ਦਫ਼ਤਰ ਨੇੜੇ ਲਾਇਆ ਪੱਕਾ ਧਰਨਾ ਅੱਜ 53ਵੇਂ ਦਿਨ ਵਿੱਚ ਦਾਖਲ ਹੋ ਗਿਆ। ਉਨ੍ਹਾਂ ਅੱਜ ਡੀਨ (ਅਕਾਦਮਿਕ ਮਾਮਲੇ) ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਰਦਸ਼ਨ ਕੀਤਾ। ਇਸ ਮਗਰੋਂ ਡੀਨ ਨਾਲ ਮੀਟਿੰਗ ਵੀ ਹੋਈ, ਜਿਨ੍ਹਾਂ ਨੇ ਅਗਲੇ ਇੱਕ-ਦੋ ਦਿਨ ਵਿੱਚ ਪ੍ਰੋਫੈਸਰਾਂ ਦੀਆਂ ਮੰਗਾਂ ਨੂੰ ਪ੍ਰਵਾਨਗੀਆਂ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਡਾ. ਗੁਰਸੇਵਕ, ਡਾ. ਕੁਲਦੀਪ, ਡਾ. ਨਵਜੀਤ, ਪ੍ਰੋ. ਅਮਨ, ਪ੍ਰੋ. ਗੁਰਸੇਵਕ, ਪ੍ਰੋ. ਜਗਸੀਰ, ਡਾ. ਰਮਨਦੀਪ ਕੌਰ, ਡਾ. ਮਨਜੋਤ, ਪ੍ਰੋ. ਗੁਰਵਿੰਦਰ, ਡਾ. ਕੰਗ, ਪ੍ਰੋ. ਗੁਰਸੇਵਕ, ਪ੍ਰੋ. ਗੁਰਲਾਲ, ਪ੍ਰੋ. ਦਿਵਿਆ ਅਤੇ ਪ੍ਰੋ. ਜਸਪ੍ਰੀਤ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਕੁਝ ਪ੍ਰੋਫੈਸਰਾਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ ਪਰ ਕੁਝ ਦੀ ਪ੍ਰਵਾਨਗੀ ਰੋਕ ਲਈ ਗਈ, ਜਦੋਂ ਇਸ ਸਬੰਧੀ ਡੀਨ ਅਕਾਦਮਿਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕਾਂ ਨੂੰ ਠੋਸ ਜਵਾਬ ਨਾ ਮਿਲਿਆ। ਇਸ ’ਤੇ ਉਨ੍ਹਾਂ ਨੇ ਇੱਥੇ ਵੀਸੀ ਦਫਤਰ ਦੇ ਨੇੜੇ ਪੱਕਾ ਧਰਨਾ ਮਾਰ ਦਿੱਤਾ, ਜੋ ਇਸ ਮੰਗ ਦੀ ਪੂਰਤੀ ਤੱਕ ਜਾਰੀ ਰਹੇਗਾ।