ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਸਤੰਬਰ
ਬੀਤੇ ਦਿਨੀਂ ਲੋਕ ਸਭਾ ਦੇ ਇਜਲਾਸ ਦੌਰਾਨ ਸੰਸਦੀ ਕਾਰਜ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਵੱਲੋਂ ਵਕਫ਼ ਐਕਟ 1995 ਵਿੱਚ ਸੋਧ ਲਈ ਵਕਫ਼ ਬਿੱਲ 2024 ਪੇਸ਼ ਕੀਤਾ ਗਿਆ, ਜਿਸ ਦਾ ਮੁਸਲਿਮ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਕਫ਼ ਤਰਮੀਮੀ ਬਿੱਲ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਮੀਅਤ-ਏ-ਉਲਮਾ ਹਿੰਦ ਦੀ ਪੰਜਾਬ ਇਕਾਈ ਵੱਲੋਂ ਸੂਬਾ ਪ੍ਰਧਾਨ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖਲੀਲ ਕਾਸਮੀ ਦੀ ਰਹਿਨੁਮਾਈ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਇਸ ਬਿੱਲ ਖ਼ਿਲਾਫ਼ ਮੁਸਲਮਾਨਾਂ ਦੇ ਇਕੱਠ ਕਰਕੇ ਉੱਥੋਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹੇ ਵਿੱਚ ਮਦਰੱਸਾ ਜ਼ੀਨਤ ਉਲ ਉਲੂਮ ਵਿਖੇ ਪ੍ਰੋਗਰਾਮ ਕੀਤਾ ਗਿਆ, ਜਿਸ ਦੌਰਾਨ ਮੁਫ਼ਤੀ ਮੁਹੰਮਦ ਖਲੀਲ ਕਾਸਮੀ ਨੇ ਸੰਬੋਧਨ ਕੀਤਾ। ਇਸ ਉਪਰੰਤ ਜ਼ਿਲ੍ਹੇ ਦੇ ਮੁਸਲਿਮ ਆਗੂਆਂ ਦੇ ਵਫ਼ਦ ਨੇ ਮੁਫ਼ਤੀ ਮੁਹੰਮਦ ਯੂਸਫ ਕਾਸਮੀ ਦੀ ਅਗਵਾਈ ਵਿੱਚ ਡੀਸੀ ਨੂੰ ਮਾਮਲੇ ਸਬੰਧੀ ਮੰਗ ਪੱਤਰ ਦਿੱਤਾ। ਵਫ਼ਦ ਵਿੱਚ ਹਾਫ਼ਿਜ਼ ਮੁਹੰਮਦ ਇਕਰਾਮ, ਕਾਰੀ ਮੁਹੰਮਦ ਮੇਰਾਜ, ਮਾਸਟਰ ਫ਼ੈਜ਼ ਰਾਣਾ, ਯਾਸੀਨ ਅਲੀ, ਅਬਦੁਲ ਸਤਾਰਾਂ. ਮੁਹੰਮਦ ਹਸਨ ਸ਼ਾਮਲ ਸਨ।