ਨਵੀਂ ਦਿੱਲੀ, 13 ਸਤੰਬਰ
ਸਿੱਖ ਕਤਲੇਆਮ ਦੇ 40 ਸਾਲਾਂ ਬਾਅਦ ਇਥੋਂ ਦੀ ਅਦਾਲਤ ਨੇ ਪੁਲ ਬੰਗਸ਼ ਇਲਾਕੇ ’ਚ ਤਿੰਨ ਸਿੱਖਾਂ ਦੀ ਹੱਤਿਆ ਦੇ ਮਾਮਲੇ ’ਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਟਾਈਟਲਰ ਵੱਲੋਂ ਦੋਸ਼ ਕਬੂਲ ਨਾ ਕੀਤੇ ਜਾਣ ਮਗਰੋਂ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਮੁਕੱਦਮਾ ਚਲਾਉਣ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਹੱਤਿਆ ਤੋਂ ਇਲਾਵਾ ਗ਼ੈਰਕਾਨੂੰਨੀ ਢੰਗ ਨਾਲ ਇਕੱਠੇ ਹੋਣ, ਦੰਗੇ, ਦੋ ਗੁੱਟਾਂ ’ਚ ਦੁਸ਼ਮਣੀ ਪੈਦਾ ਕਰਨ, ਘਰ ਅੰਦਰ ਜਬਰੀ ਦਾਖ਼ਲ ਹੋਣ ਅਤੇ ਚੋਰੀ ਦੇ ਦੋਸ਼ ਆਇਦ ਕਰਨ ਦੇ ਵੀ ਹੁਕਮ ਦਿੱਤੇ ਹਨ। ਜੱਜ ਨੇ 30 ਅਗਸਤ ਨੂੰ ਕਿਹਾ ਸੀ ਕਿ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਢੁੱਕਵੇਂ ਸਬੂਤ ਹਨ। ਸੀਬੀਆਈ ਨੇ ਪਿਛਲੇ ਸਾਲ 20 ਮਈ ਨੂੰ ਟਾਈਟਲਰ ਖ਼ਿਲਾਫ਼ ਚਾਰਸ਼ੀਟ ਦਾਖ਼ਲ ਕੀਤੀ ਸੀ। ਸੀਬੀਆਈ ਦੀ ਚਾਰਜਸ਼ੀਟ ’ਚ ਦੋਸ਼ ਲਾਇਆ ਗਿਆ ਹੈ ਕਿ ਟਾਈਟਲਰ ਨੇ ਪਹਿਲੀ ਨਵੰਬਰ, 1984 ਨੂੰ ਪੁਲ ਬੰਗਸ਼ ਗੁਰਦੁਆਰੇ ਦੇ ਬਾਹਰ ਭੀੜ ਨੂੰ ਭੜਕਾਇਆ ਸੀ। -ਪੀਟੀਆਈ