ਪੱਤਰ ਪ੍ਰੇਰਕ
ਮਾਨਸਾ, 13 ਸਤੰਬਰ
ਸੀਪੀਆਈ (ਐਮ) ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਰਾਜ ਸਭਾ ਮੈਂਬਰ ਕਾਮਰੇਡ ਸੀਤਾ ਰਾਮ ਯੇਚੁਰੀ ਦੇ ਵਿਛੋੜੇ ’ਤੇ ਪਾਰਟੀ ਦੇ ਇਥੇ ਜ਼ਿਲ੍ਹਾ ਦਫ਼ਤਰ ਵਿੱਚ ਸ਼ੋਕ ਸਭਾ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਕਿਹਾ ਕਿ ਕਾਮਰੇਡ ਯੇਚੁਰੀ ਨੇ ਆਪਣਾ ਰਾਜਨੀਤਕ ਜੀਵਨ ਵਿਦਿਆਰਥੀ ਜਥੇਬੰਦੀ ਐੱਸਐੱਫਆਈ ਤੋਂ ਸ਼ੁਰੂ ਕੀਤਾ ਅਤੇ ਉਹ ਐਮਰਜੈਂਸੀ ਤੋਂ ਲੈਕੇ ਦੇਸ਼ ਦੇ ਕਿਰਤੀਆਂ-ਕਿਸਾਨਾਂ ਅਤੇ ਦੱਬੇ ਕੁੱਚਲੇ ਲੋਕਾਂ ਦੇ ਹੱਕਾਂ ਹਿਤਾਂ ਲਈ ਸਾਰੀ ਉਮਰ ਸੜਕ ਤੋਂ ਲੈਕੇ ਸੰਸਦ ਤੱਕ ਲੜਾਈ ਲੜਦੇ ਰਹੇ।
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਇਸੇ ਦੌਰਾਨ ਪਾਰਟੀ ਦੀ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਵੱਲੋਂ ਕਾਮਰੇਡ ਯੇਚੁਰੀ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜ਼ਿਲ੍ਹਾ ਸਕੱਤਰ ਕਾਮਰੇਡ ਅਬਿਨਾਸ਼ ਚੰਦਰ, ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਕਾਲੂ ਰਾਮ, ਗੁਰਚਰਨ ਸਿੰਘ ਅਰੋੜਾ, ਵਣਜਾਰ ਸਿੰਘ, ਹਰਭਜਨ ਸਿੰਘ ਖੁੰਗਰ, ਨੱਥਾ ਸਿੰਘ ਤੇ ਹਰਨਾਮ ਸਿੰਘ ਨੇ ਯੇਚੁਰੀ ਦੇ ਵਿਛੋੜੇ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਕਰਾਰ ਦਿੱਤਾ ਹੈ।