ਪੇਈਚਿੰਗ, 13 ਸਤੰਬਰ
ਗਲਵਾਨ ਘਾਟੀ ਸਮੇਤ ਪੂਰਬੀ ਲੱਦਾਖ ’ਚ ਚਾਰ ਥਾਵਾਂ ਤੋਂ ਫੌਜਾਂ ਪਿੱਛੇ ਹਟਣ ਦਾ ਦਾਅਵਾ ਕਰਦਿਆਂ ਚੀਨੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨ ਦੇ ਆਗੂਆਂ ਵਿਚਕਾਰ ਰੂਸ ’ਚ ਹੋਈ ਮੀਟਿੰਗ ਦੌਰਾਨ ਦੁਵੱਲੇ ਸਬੰਧਾਂ ’ਚ ਸੁਧਾਰ ਲਈ ਰਲ ਕੇ ਕੰਮ ਕਰਨ ’ਤੇ ਸਹਿਮਤੀ ਬਣੀ ਹੈ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਰੂਸ ਦੇ ਸੇਂਟ ਪੀਟਰਜ਼ਬਰਗ ’ਚ ਕੱਲ੍ਹ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨਾਲ ਮੁਲਾਕਾਤ ਕੀਤੀ ਸੀ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਸਰਹੱਦੀ ਮੁੱਦਿਆਂ ਦੇ ਮਾਮਲੇ ’ਚ ਪ੍ਰਗਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਦੋਵੇਂ ਮੁਲਕਾਂ ਦੀਆਂ ਫੌਜਾਂ ਚਾਰ ਇਲਾਕਿਆਂ ’ਚੋਂ ਪਿੱਛੇ ਹਟ ਗਈਆਂ ਹਨ ਅਤੇ ਸਰਹੱਦ ’ਤੇ ਹਾਲਾਤ ਸਥਿਰ ਹਨ। -ਪੀਟੀਆਈ