ਨਵੀਂ ਦਿੱਲੀ, 13 ਸਤੰਬਰ
ਪੋਸਟਲ ਵਿਭਾਗ ਉਮਰ ਦਰਾਜ਼ ਪੈਨਸ਼ਨਰਾਂ ਨੂੰ ਡਿਜੀਟਲ ਜੀਵਨ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਮ੍ਹਾਂ ਕਰਵਾਉਣ ਨਾਲ ਸਬੰਧਤ ਸੇਵਾ ਉਨ੍ਹਾਂ ਦੇ ਘਰਾਂ ਵਿਚ ਮੁਹੱਈਆ ਕਰੇਗਾ। ਅਮਲਾ ਮੰਤਰਾਲੇ ਦੀ ਇਹ ਪੇਸ਼ਕਦਮੀ ਬਹੁਤ ਅਹਿਮ ਹੈ ਕਿਉਂਕਿ ਪੈਨਸ਼ਨ ਤੇ ਪੈਨਸ਼ਨਰਾਂ ਦੀ ਭਲਾਈ ਬਾਰੇ ਵਿਭਾਗ (ਡੀਓਪੀਪੀਡਬਲਿਊ) ਨੇ 1 ਤੋਂ 30 ਨਵੰਬਰ ਤੱਕ ਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪ੍ਰਮੁੱਖ ਸ਼ਹਿਰਾਂ ਵਿਚ ਡਿਜੀਟਲ ਜੀਵਨ ਪ੍ਰਮਾਣ ਪੱਤਰ ਸਬੰਧੀ ਪ੍ਰਚਾਰ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਡੀਐੱਲਸੀ ਕੰਪੇਨ 3.0 ਦੇ ਢਾਂਚੇ ਨੂੰ ਲੈ ਕੇ ਲੰਘੇ ਦਿਨ ਹੋਈ ਤਿਆਰੀ ਬੈਠਕ ਵਿਚ ਸਹਿਮਤੀ ਬਣੀ ਕਿ ਪੈਨਸ਼ਨਰਾਂ ਨੂੰ ਇਸ ਨਵੇਂ ਪ੍ਰਬੰਧ ਬਾਰੇ ਜਾਗਰੂਕ ਕੀਤਾ ਜਾਵੇਗਾ। -ਪੀਟੀਆਈ