ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਸਤੰਬਰ
ਸਰਕਾਰ ਖ਼ਿਲਾਫ਼ ਹੜਤਾਲ ’ਤੇ ਚੱਲ ਰਹੇ ਡਾਕਟਰਾਂ ਨੇ ਅੱਜ ਵੀ ਸਿਵਲ ਹਸਪਤਾਲ ਵਿੱਚ ਪੂਰਾ ਦਿਨ ਓਪੀਡੀ ਸੇਵਾਵਾਂ ਬੰਦ ਰੱਖੀਆਂ ਜਿਸ ਕਰਕੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸੋਮਵਾਰ ਤੋਂ ਹੁਣ ਤੱਕ ਓਪੀਡੀ ਨਹੀਂ ਚੱਲੀ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਰਹੀ। ਸਰਕਾਰੀ ਹਸਪਤਾਲ ਦੀ ਓਪੀਡੀ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਮਜਬੂਰ ਹੋ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਪੈ ਰਿਹਾ ਹੈ।
ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ ਨੇ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਆਮ ਆਦਮੀ ਕਲੀਨਿਕਾਂ ’ਤੇ ਜਾ ਕੇ ਜਾਂਚ ਕਰਵਾਉਣ ਦੇ ਲਈ ਕਿਹਾ ਹੈ। ਇਸਦੇ ਬਾਵਜੂਦ ਮਰੀਜ਼ਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ।
ਸਿਵਲ ਹਸਪਤਾਲ ਵਿੱਚ ਹੱਡੀਆਂ ਦੇ ਡਾਕਟਰ ਨੂੰ ਦਿਖਾਉਣ ਆਉਣ ਵਾਲੇ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੁੱਟੀ ਲੱਤ ਦਾ ਇਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਸੋਮਵਾਰ ਨੂੰ ਡਾਕਟਰ ਨੇ ਚੈਕ ਅੱਪ ਲਈ ਬੁਲਾਇਆ ਸੀ। ਡਾਟਕਰ ਇਸੇ ਦਿਨ ਤੋਂ ਹੜਤਾਲ ’ਤੇ ਹਨ ਜਿਸ ਕਰਕੇ ਉਨ੍ਹਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਉਹ ਚਾਰ ਦਿਨਾਂ ਤੋਂ ਹਸਪਤਾਲ ਦੇ ਗੇੜੇ ਲਗਾ ਰਿਹਾ ਹੈ।
ਇਸੇ ਤਰ੍ਹਾਂ ਈਐੱਨਟੀ ਡਾਕਟਰ ਨੂੰ ਦਿਖਾਉਣ ਲਈ ਪੁੱਜੀ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਕੰਨ ਵਿੱਚ ਕਾਫ਼ੀ ਜ਼ਿਆਦਾ ਦਿੱਕਤ ਹੈ। ਬਾਹਰ ਇਸ ਦਾ ਇਲਾਜ ਬਹੁਤ ਮਹਿੰਗਾ ਹੈ।