ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਸਤੰਬਰ
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਅਤੇ ਤਿੰਨ ਹੋਰ ਪਿੰਡਾਂ ਭੂੰਦੜੀ, ਅਖਾੜਾ, ਮੁਸ਼ਕਾਬਾਦ ਵਿਚ ਉਸਾਰੀ ਅਧੀਨ ਫੈਕਟਰੀਆਂ ਖ਼ਿਲਾਫ਼ ਸੰਘਰਸ਼ ਮੋਰਚੇ ਦੇ ਨੁਮਾਇੰਦੇ ਚਾਰ ਮੰਤਰੀਆਂ ਨੂੰ ਮਿਲੇ ਤੇ ਇਸ ਮੁੱਦੇ ਬਾਰੇ ਚਰਚਾ ਕੀਤੀ। ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸਰਕਾਰੀ ਕਮੇਟੀ 21 ਸਤੰਬਰ ਤਕ ਇਸ ਬਾਰੇ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਭੋਗਪੁਰ, ਕੰਧੋਲਾ ਜੱਟਾਂ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਕਰਾਲਾ ਵਿਚ ਲੱਗਣ ਜਾ ਰਹੀਆਂ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਵੀ ਲੋਕ ਇਕਜੁੱਟ ਹੋ ਗਏ ਹਨ। ਉਨ੍ਹਾਂ ਦੇ ਵਿਰੋਧ ਨੇ ਗੈਸ ਫੈਕਟਰੀਆਂ ਨੂੰ ਉਸਰਨ ਤੋਂ ਪਹਿਲਾਂ ਹੀ ਰੋਕ ਦਿੱਤਾ ਹੈ। ਦਿੱਲੀ ਮੁੱਖ ਮਾਰਗ ਜਾਮ ਦੇ ਸੱਦੇ ਦੇ ਦਬਾਅ ਤੋਂ ਬਾਅਦ ਹੀ ਬੀਤੇ ਦਿਨੀਂ ਪੰਜਾਬ ਭਵਨ ’ਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਨਾਲ ਮੀਟਿੰਗਾਂ ’ਚ ਵੀ ਇਹ ਮੁੱਦਾ ਵਿਚਾਰਿਆ ਗਿਆ। ਉਨ੍ਹਾਂ ਦੱਸਿਆ ਕਿ ਚਾਰ ਮੰਤਰੀਆਂ ਹਰਪਾਲ ਚੀਮਾ, ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆਂ, ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਤਾਲਮੇਲ ਕਮੇਟੀ ਦੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਪੈਂਤੀ ਨੁਮਾਇੰਦਿਆਂ ਨਾਲ ਦੋ ਦੌਰ ਦੀ ਮੀਟਿੰਗ ਕੀਤੀ। ਤਾਲਮੇਲ ਕਮੇਟੀ ਦੇ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਚਰਚਾ ਤੋਂ ਬਾਅਦ ਫ਼ੈਸਲਾ ਹੋਇਆ ਕਿ ਦੋਹਾਂ ਧਿਰਾਂ ਦੇ ਮਾਹਿਰਾਂ ਦੀ ਪੜਤਾਲੀਆ ਕਮੇਟੀ 21 ਸਤੰਬਰ ਤਕ ਰਿਪੋਰਟ ਪੇਸ਼ ਕਰੇਗੀ। ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਪੜਤਾਲੀਆ ਕਮੇਟੀ ਦੀ ਰਿਪੋਰਟ ਵਿਚਾਰਨ ਤੋਂ ਬਾਅਦ ਅਗਲਾ ਫ਼ੈਸਲਾ ਕੀਤਾ ਜਾਵੇਗਾ। ਸਰਕਾਰ ਨੇ ਅਗਲੇ ਫ਼ੈਸਲੇ ਤੱਕ ਘੁੰਗਰਾਲੀ ਰਾਜਪੂਤਾਂ ਦੀ ਗੈਸ ਫੈਕਟਰੀ ਪੂਰੀ ਤਰ੍ਹਾਂ ਬੰਦ ਰੱਖਣ ਅਤੇ ਬਾਕੀ ਪਲਾਂਟਾਂ ਦੀ ਉਸਾਰੀ ਬੰਦ ਰੱਖਣ ਦਾ ਵਿਸਵਾਸ਼ ਦਿਵਾਇਆ।