ਚਰਨਜੀਤ ਭੁੱਲਰ
ਚੰਡੀਗੜ੍ਹ, 13 ਸਤੰਬਰ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਹੈ ਕਿ ਉਹ ‘ਆਪ’ ਸਰਕਾਰ ਨੂੰ ਹਦਾਇਤ ਕਰਨ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਐੱਸਪੀ ਜਯੋਤੀ ਯਾਦਵ ਨੂੰ ਮੁਅੱਤਲ ਕੀਤਾ ਜਾਵੇ। ਸ੍ਰੀ ਝਿੰਜਰ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਮੰਗ ਕੀਤੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਪਤੀ-ਪਤਨੀ ਦੋਵਾਂ ਖ਼ਿਲਾਫ਼ 100 ਕਰੋੜ ਰੁਪਏ ਦੇ ਸਾਈਬਰ ਅਪਰਾਧ ਘੁਟਾਲੇ ਦੀ ਜਾਂਚ ਦੇ ਵੀ ਹੁਕਮ ਦਿੱਤੇ ਜਾਣ।
ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਇਹ ਕੇਸ ਡੂੰਘਾਈ ਨਾਲ ਜਾਂਚ ਵਾਸਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਭੇਜਿਆ ਜਾਵੇ ਕਿਉਂਕਿ ਇਸ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਵੀ ਸ਼ਾਮਲ ਹੈ। ਝਿੰਜਰ ਨੇ ਸੂਬਾ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਨੂੰ ਰੱਦ ਕੀਤਾ ਹੈ ਕਿਉਂਕਿ ਇਹ ਟੀਮ ਇਕ ਕੈਬਨਿਟ ਮੰਤਰੀ ਨੂੰ ਜਵਾਬਦੇਹ ਨਹੀਂ ਬਣਾ ਸਕਦੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਦਾ ਗਠਨ ਸਿਰਫ਼ ਮੰਤਰੀ ਨੂੰ ਕਲੀਨ ਚਿੱਟ ਦੇਣ ਵਾਸਤੇ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਰਾਜਪਾਲ ਕੋਲ ਪਹੁੰਚ ਕਰ ਕੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਅਪੀਲ ਕਰੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ‘ਆਪ’ ਸਰਕਾਰ ਨਾ ਮੰਨੀ ਅਤੇ ਆਪਣੇ ਮੰਤਰੀ ਦਾ ਬਚਾਅ ਕਰਦੀ ਰਹੀ ਤਾਂ ਜਿੱਥੇ ਵੀ ਉਹ ਜਾਣਗੇ ਯੂਥ ਅਕਾਲੀ ਦਲ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਵੇਗਾ ਤੇ ਰੋਸ ਧਰਨੇ ਦੇਵੇਗਾ। ਉਨ੍ਹਾਂ ਕਿਹਾ, ‘100 ਕਰੋੜ ਦੇ ਘੁਟਾਲੇ ਦੀਆਂ ਤਾਰਾਂ ਦਿੱਲੀ ਤੱਕ ਜੁੜੀਆਂ ਹਨ ਕਿਉਂਕਿ ਬੈਂਸ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਅੱਖਾਂ ਦੇ ਤਾਰੇ ਹਨ।’ ਝਿੰਜਰ ਨੇ ਕਿਹਾ ਕਿ ਕੇਸ ਨੂੰ ਸਾਹਮਣੇ ਲਿਆਉਣ ਵਾਲੀ ਇੰਸਪੈਕਟਰ ਅਮਨਜੋਤ ਕੌਰ ਨੂੰ ਵੀ ਨਿਆਂ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਵੱਖਰੀ ਜਾਂਚ ਇਹ ਵੀ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਵੇਂ ਐੱਨਆਰਆਈਜ਼ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਦਾ ਪੈਸਾ ਲੁੱਟਿਆ ਗਿਆ। ਉਨ੍ਹਾਂ ਕਿਹਾ ਕਿ ਐੱਨਆਰਆਈ ਭਾਈਚਾਰਾ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਨਾਲ ਡਟਿਆ ਸੀ ਤੇ ਪਾਰਟੀ ਦੀ ਹਮਾਇਤ ਕੀਤੀ ਸੀ।