ਜੋਗਿੰਦਰ ਸਿੰਘ ਮਾਨ
ਮਾਨਸਾ, 13 ਸਤੰਬਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਦੋ ਮੁੱਖ ਗਵਾਹਾਂ ਵਿੱਚੋਂ ਇੱਕ ਨੇ ਅੱਜ ਮਾਨਸਾ ਦੀ ਹੇਠਲੀ ਅਦਾਲਤ ਵਿੱਚ ਸ਼ੂਟਰਾਂ ਵੱਲੋਂ ਵਰਤੀ ਗਈ ਏਕੇ-47 ਦੀ ਪਛਾਣ ਕੀਤੀ। ਇਹ ਗਵਾਹ ਘਟਨਾ ਵੇਲੇ ਮੂਸੇਵਾਲਾ ਨਾਲ ਮੌਜੂਦ ਸੀ। ਅੰਮ੍ਰਿਤਸਰ ਦੇ ਘਰਿੰਡਾ ਥਾਣੇ ਦੀ ਟੀਮ ਨੇ ਏਕੇ-47 ਲਿਆ ਕੇ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤੀ। ਪੰਜਾਬ ਪੁਲੀਸ ਨੇ 20 ਜੁਲਾਈ, 2022 ਨੂੰ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਜੋ ਛੇ ਨਿਸ਼ਾਨੇਬਾਜ਼ਾਂ ’ਚੋਂ ਸਨ, ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਮੁਕਾਬਲੇ ਦੌਰਾਨ ਮਾਰ ਦਿੱਤਾ ਸੀ ਤੇ ਉਨ੍ਹਾਂ ਕੋਲੋਂ ਏਕੇ-47 ਬਰਾਮਦ ਕੀਤੀ ਗਈ ਸੀ, ਜੋ ਉਦੋਂ ਤੋਂ ਅੰਮ੍ਰਿਤਸਰ ਪੁਲੀਸ ਕੋਲ ਸੀ। ਪੰਜਾਬ ਪੁਲੀਸ ਨੇ ਏਕੇ-47 ਦੀ ਫੋਰੈਂਸਿਕ ਲੈਬ ਰਿਪੋਰਟ ਪੇਸ਼ ਕਰ ਦਿੱਤੀ ਹੈ, ਜਿਸ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਮੂਸੇਵਾਲਾ ਨੂੰ ਮਾਰਨ ਲਈ ਇਸ ਦੀ ਹੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਜਿਸ ਮਹਿੰਦਰਾ ਥਾਰ ਵਿੱਚ ਮੂਸੇਵਾਲਾ ਸਫ਼ਰ ਕਰ ਰਿਹਾ ਸੀ, ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਸਾ ਦੀ ਅਦਾਲਤ ਨੇ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ। ਐਡਵੋਕੇਟ ਰਘਵੀਰ ਸਿੰਘ ਬਹਿਣੀਵਾਲ (ਗੈਂਗਸਟਰ ਲਾਰੈਂਸ ਬਿਸ਼ਨੋਈ ਸਣੇ 19 ਮੁਲਜ਼ਮਾਂ ਦੇ ਬਚਾਅ ਪੱਖ ਦੇ ਵਕੀਲ) ਨੇ ਚਸ਼ਮਦੀਦ ਗਵਾਹ ਤੋਂ ਪੁੱਛਗਿੱਛ ਕੀਤੀ। ਹਾਲਾਂਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਵਕੀਲ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਮਾਮਲੇ ਦੀ ਸੁਣਵਾਈ 27 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ। ਮੂਸੇਵਾਲਾ ਦੇ ਪਿਤਾ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਗਵਾਹ ਨੇ ਅਦਾਲਤ ਵਿੱਚ ਹਥਿਆਰ ਅਤੇ ਵਾਹਨ ਦੀ ਪਛਾਣ ਕਰ ਲਈ ਹੈ। ਪਿਛਲੀ ਸੁਣਵਾਈ ਦੌਰਾਨ ਗੁਰਪ੍ਰੀਤ ਨੇ ਗਵਾਹ ਵਜੋਂ ਚਾਰ ਨਿਸ਼ਾਨੇਬਾਜ਼ਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਦੀ ਪਛਾਣ ਕੀਤੀ ਸੀ।