ਸ਼ਸ਼ੀ ਪਾਲ ਜੈਨ
ਖਰੜ, 13 ਸਤੰਬਰ
ਖਰੜ ਮੁਹਾਲੀ ਫਲਾਈ ਓਵਰ ’ਤੇ ਪਿੰਡ ਦੇਸੂਮਾਜਰਾ ਨਜ਼ਦੀਕ ਐਂਟਰੀ ਪੁਆਇੰਟ ’ਤੇ ਅੱਜ ਸਵੇਰੇ ਕੈਮੀਕਲ ਨਾਲ ਭਰੇ ਟੈਂਕਰ ਵਿੱਚੋਂ ਲੀਕੇਜ ਹੋਣ ਕਾਰਨ ਇੱਥੇ ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋਈ ਪਰ ਪੁਲੀਸ ਨੇ ਸਥਿਤੀ ਨੂੰ ਸੰਭਾਲ ਲਿਆ। ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਇਹ ਹਾਦਸਾ ਲਗਪਗ ਸਵੇਰੇ ਦੋ ਵਜੇ ਦਾ ਹੈ। ਕੈਮੀਕਲ ਨਾਲ ਭਰੇ ਟੈਂਕਰ ਤੇ ਟਰੱਕ ਦੀ ਟੱਕਰ ਹੋਣ ਕਾਰਨ ਟੈਂਕਰ ’ਚੋਂ ਕੈਮੀਕਲ ਸੜਕ ’ਤੇ ਲੀਕ ਹੋ ਗਿਆ। ਇਸ ਕਾਰਨ ਬਦਬੂ ਫੈਲ ਗਈ ਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਗਈ। ਉਹ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀਆਂ ਸਣੇ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਅਨਾਊਂਸਮੈਂਟ ਰਾਹੀਂ ਲੋਕਾਂ ਨੂੰ ਸੂਚਿਤ ਕੀਤਾ ਤੇ ਫਾਇਰ ਬ੍ਰਿਗੇਡ ਬੁਲਾਈ। ਇਸ ਦੌਰਾਨ ਐਨਡੀਆਰਐਫ ਦੇ ਮੁਲਾਜ਼ਮ ਵੀ ਬੁਲਾਏ ਗਏ। ਦੂਜੇ ਪਾਸੇ, ਵਾਰਡ ਨੰਬਰ 12 ਦੇ ਕੌਂਸਲਰ ਰਾਜਵੀਰ ਰਾਜੀ ਨੇ ਵੀ ਵੱਖ ਵੱਖ ਸਾਧਨਾਂ ਰਾਹੀਂ ਲੋਕਾਂ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਟੈਂਕਰ ਨੂੰ ਦੇਸੂਮਾਜਰੇ ਤੋਂ ਸਹੌੜਾ ਤੱਕ ਲਿਜਾ ਕੇ ਖੁੱਲ੍ਹੀ ਥਾਂ ’ਤੇ ਖੜ੍ਹਾ ਕਰ ਦਿੱਤਾ ਤੇ ਲੀਕੇਜ ਬੰਦ ਕੀਤੀ ਗਈ। ਟੈਂਕਰ ਤੇ ਟਰੱਕ ਦੇ ਦੋਵੇਂ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ, ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।