ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਸਤੰਬਰ
ਲਾਡਵਾ ਤੋਂ ਚੋਣ ਲੜ ਰਹੇ ਸੂਬੇ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਪਤਨੀ ਨੇ ਅੱਜ ਬਾਬੈਨ ’ਚ ਭਾਜਪਾ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਸੁਮਨ ਸੈਣੀ ਨੇ ਭਾਜਪਾ ਦੀਆਂ ਲੋਕ ਭਲਾਈ ਸਕੀਮਾਂ ਤੇ ਨੀਤੀਆਂ ਨੂੰ ਲੋਕਾਂ ਨਾਲ ਸਾਝਾਂਂ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਹਮੇਸ਼ਾ ਹੀ ਲੋਕ ਹਿਤੈਸ਼ੀ ਸਰਕਾਰ ਰਹੀ ਹੈ। ਆਮ ਲੋਕਾਂ ਦੇ ਹਿੱਤਾਂ ਨੂੰ ਮੁੱਖ ਰਖੱਦਿਆਂ ਭਾਜਪਾ ਸਰਕਾਰ ਨੇ ਲੋਕਾਂ ਲਈ ਅਨੇਕ ਵਿਕਾਸ ਕਾਰਜ ਤੇ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਹਰਿਆਣਾ ’ਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਨਵੀਆਂ ਵਿਕਾਸ ਤੇ ਲੋਕ ਭਲਾਈ ਸਕੀਮਾਂ ਦਾ ਲਾਹਾ ਲੈਣਾ ਚਾਹੀਦਾ ਹੈ। ਸੁਮਨ ਸੈਣੀ ਨੇ ਦਿੱਸਆ ਕਿ 14 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਤੋਂ ਥੀਮ ਪਾਰਕ ਤੋ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਦੀ ਇਹ ਰੈਲੀ ਸ਼ਾਨਦਾਰ ਤੇ ਇਤਿਹਾਸਕ ਹੋਵੇਗੀ। ਇਸ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਤੇ ਪਾਰਟੀ ਦੇ ਹੋਰ ਵੱਡੇ ਆਗੂ ਮੌਜੂਦ ਹੋਣਗੇ। ਸੁਮਨ ਸੈਣੀ ਨੇ ਕਿਹਾ ਕਿ ਕਾਂਗਰਸ ਦਾ ਕੰਮ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਗੁਮਰਾਹਕਰਨ ਪ੍ਰਚਾਰ ਕਰਨਾ ਹੈ। ਕਾਂਗਰਸ ਚੋਣਾਂ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਪਰ ਸੂਬੇ ਦੇ ਲੋਕ ਜਾਗਰੂਕ ਹਨ ਤੇ ਉਹ ਕਾਂਗਰਸ ਦੇ ਪ੍ਰਚਾਰ ਤੋਂ ਗੁੰਮਰਾਹ ਹੋਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਝੂਠ ਬੋਲ ਕੇ ਹਿਮਾਚਲ ਪ੍ਰਦੇਸ਼ ਦੀ ਸੱਤਾ ਹਥਿਆਈ ਸੀ ਪਰ ਉਥੋਂ ਦੇ ਲੋਕ ਹੁਣ ਨਾਰਾਜ਼ ਹਨ। ਹਿਮਾਚਲ ਵਿੱਚ ਝੂਠ ਦਾ ਨਤੀਜਾ ਸਭ ਨੇ ਦੇਖ ਲਿਆ ਹੈ। ਅੱਜ ਹਿਮਾਚਲ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗਾ ਪੈਸਾ ਵੀ ਨਹੀਂ। ਉਨ੍ਹਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਇਤਿਹਾਸਕ ਜਿੱਤ ਦਿਵਾਉਣ ਦਾ ਸੱਦਾ ਦਿੱਤਾ।
ਯਮੁਨਾਨਗਰ ਵਿਧਾਨ ਸਭਾ ਹਲਕੇ ਵਿੱਚ ਹੋਵੇਗਾ ਤਿਕੋਣਾ ਮੁਕਾਬਲਾ: ਰਮਨ ਤਿਆਗੀ
ਯਮੁਨਾਨਗਰ (ਪੱਤਰ ਪ੍ਰੇਰਕ):
ਯਮੁਨਾਨਗਰ ਹਲਕੇ ਵਿੱਚ ਕਾਂਗਰਸ ਦੇ ਸਾਰੇ ਵੱਡੇ ਆਗੂ ਇੱਕ ਝੰਡੇ ਹੇਠ ਨਜ਼ਰ ਆ ਰਹੇ ਹਨ। ਕਾਂਗਰਸੀ ਉਮੀਦਵਾਰ ਰਮਨ ਤਿਆਗੀ ਨੇ ਹਵਨ ਯੱਗ ਨਾਲ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਕਾਂਗਰਸੀ ਆਗੂ ਸ਼ਿਆਮ ਸੁੰਦਰ ਬੱਤਰਾ, ਜ਼ਿਲ੍ਹਾ ਵਪਾਰ ਸੈੱਲ ਦੇ ਪ੍ਰਧਾਨ ਗੁਰਬਾਜ਼ ਸਿੰਘ, ਨਿਰਮਲਾ ਚੌਹਾਨ, ਸੁਖਵਿੰਦਰ ਸਿੰਘ ਸੰਧੂ, ਨਸੀਬ ਸਿੰਘ, ਪ੍ਰਤਾਪ ਸਿੰਘ, ਅਭਿਸ਼ੇਕ ਤਿਆਗੀ ਆਦਿ ਹਾਜ਼ਰ ਸਨ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਵਿੱਚ ਕੋਈ ਧੜੇਬੰਦੀ ਨਹੀਂ ਹੈ। ਕਾਂਗਰਸ ਉਮੀਦਵਾਰ ਰਮਨ ਤਿਆਗੀ ਦਾ ਕਹਿਣਾ ਹੈ ਕਿ ਸਾਰੇ ਨੇਤਾ ਇਕਜੁੱਟ ਹੋ ਕੇ ਅੱਗੇ ਵਧ ਰਹੇ ਹਨ ਕਿਉਂਕਿ ਇਸ ਵਾਰ ਯਮੁਨਾਨਗਰ ਵਿਧਾਨ ਸਭਾ ਹਲਕੇ ਵਿੱਚ ਤਿਕੋਣਾ ਮੁਕਾਬਲਾ ਹੋਵੇਗਾ।