ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 14 ਸਤੰਬਰ
ਮੁਹਾਲੀ ਦੀ ਜੂਹ ਵਿੱਚ ਪਿੰਡ ਕੰਬਾਲਾ-ਰੁੜਕਾ ਪੁਲ ’ਤੇ ਫੈਲੀ ਗੰਦਗੀ ਚੁਕਵਾ ਦਿੱਤੀ ਗਈ ਹੈ। ਬਦਬੂ ਕਾਰਨ ਇੱਥੋਂ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਸੀ। ਕੰਬਾਲਾ ਦੇ ਸਰਪੰਚ ਅਮਰੀਕ ਸਿੰਘ ਦੀ ਅਪੀਲ ’ਤੇ ਸਵਰਾਜ ਕੰਪਨੀ ਨੇ ਜੇਸੀਬੀ ਮਸ਼ੀਨ ਨਾਲ ਪੁਲ ਤੋਂ ਆਸਪਾਸ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾ ਦਿੱਤਾ।
ਸਰਪੰਚ ਅਮਰੀਕ ਸਿੰਘ ਕੰਬਾਲਾ ਨੇ ਕਿਹਾ ਕਿ ਪੁਲ ਉੱਤੇ ਗੰਦਗੀ ਦੇ ਢੇਰ ਲੱਗਣ ਕਾਰਨ ਇੱਥੇ ਬਿਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜੇ ਹੁਣ ਕੋਈ ਵਿਅਕਤੀ ਇਸ ਥਾਂ ਉੱਤੇ ਕੂੜਾ ਸੁਟਦਾ ਫੜਿਆ ਗਿਆ ਤਾਂ ਪੰਚਾਇਤ ਵੱਲੋਂ ਉਸ ਨੂੰ ਜੁਰਮਾਨਾ ਲਾਇਆ ਜਾਵੇਗਾ ਤੇ ਸਬੰਧਤ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਵੀ ਕੀਤੀ ਜਾਵੇਗੀ।
ਉਨ੍ਹਾਂ ਸਵਰਾਜ ਕੰਪਨੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਵਰਾਜ ਗਰੁੱਪ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਤੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦਾ ਹੈ। ਸਰਪੰਚ ਨੇ ਦੱਸਿਆ ਕਿ ਕੁੱਝ ਲੋਕ ਟਰਾਲੀਆਂ ਅਤੇ ਰੇਹੜੀਆਂ ਰਾਹੀਂ ਇੱਥੇ ਕੂੜਾ ਸੁੱਟ ਜਾਂਦੇ ਹਨ।