ਨਵੀਂ ਦਿੱਲੀ, 14 ਸਤੰਬਰ
ਖੁਦ ਨੂੰ ਤਕਨੀਕੀ ਸਹਾਇਕ ਦਸ ਕੇ ਅਮਰੀਕੀ ਨਾਗਰਿਕ ਨਾਲ 4.5 ਲੱਖ ਡਾਲਰ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸੀਬੀਆਈ ਨੇ ਸਾਈਬਰ ਅਪਰਾਧੀ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਨਾਲ ਤਾਲਮੇਲ ਕਰਕੇ ਸਾਈਬਰ ਅਪਰਾਧੀਆਂ ਖ਼ਿਲਾਫ਼ ‘ਅਪਰੇਸ਼ਨ ਚਕਰ-3’ ਚਲਾਇਆ ਜਾ ਰਿਹਾ ਹੈ ਅਤੇ ਇਸੇ ਤਹਿਤ ਸੀਬੀਆਈ ਨੇ ਗੁੰਝਲਦਾਰ ਵਰਚੁਅਲ ਜਾਇਦਾਦ ਤੇ ਸੋਨਾ-ਚਾਂਦੀ ਆਧਾਰਿਤ ਸਾਈਬਰ ਅਪਰਾਧ ਨੈਟਵਰਕ ਦਾ ਪਰਦਾਫਾਸ਼ ਕੀਤਾ, ਜੋ 2022 ਤੋਂ ਦੂਜੇ ਦੇਸ਼ਾਂ ’ਚ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਸੀਬੀਆਈ ਨੇ ਮੁੰਬਈ ਤੋਂ ਠੱਗੀ ਮਾਰ ਰਹੇ ਕਥਿਤ ਸਾਈਬਰ ਅਪਰਾਧੀ ਵਿਸ਼ਣੂ ਰਾਠੀ ਦੇ ਟਿਕਾਣਿਆਂ ਤੋਂ 100-100 ਗਰਾਮ ਦੇ 57 ਸੋਨੇ ਦੇ ਬਿਸਕੁਟ, 16 ਲੱਖ ਰੁਪਏ ਨਕਦ, ਮੋਬਾਈਲ ਫੋਨ, ਕ੍ਰਿਪਟੋ ਕਰੰਸੀ ਜ਼ਬਤ ਕੀਤੀ ਹੈ। -ਪੀਟੀਆਈ