ਵਾਸ਼ਿੰਗਟਨ, 14 ਸਤੰਬਰ
ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਫਸੇ ਹੋਏ ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲਈ ਪੁਲਾੜ ਤੋਂ ਹੀ ਵੋਟ ਪਾ ਸਕਦੇ ਹਨ। ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ ਪੱਤਰਕਾਰਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ, ‘ਦੇਸ਼ ਦੇ ਨਾਗਰਿਕ ਹੋਣ ਨਾਤੇ ਵੋਟ ਪਾਉਣਾ ਮੇਰਾ ਫਰਜ਼ ਹੈ ਅਤੇ ਮੈਂ ਪੁਲਾੜ ਤੋਂ ਹੀ ਵੋਟ ਪਾਉਣ ਦੀ ਉਮੀਦ ਕਰ ਰਹੀ ਹਾਂ। ਜੇ ਅਜਿਹਾ ਹੁੰਦਾ ਹੈ ਤਾਂ ਬਹੁਤ ਸ਼ਾਨਦਾਰ ਹੋਵੇਗਾ।’ ਜੂਨ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਫਸੇ ਵਿਲੀਅਮਜ਼ ਅਤੇ ਅਤੇ ਵਿਲਮੋਰ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਬੈਲੇਟ ਲਈ ਆਪਣੀ ਅਪੀਲ ਭੇਜ ਦਿੱਤੀ ਹੈ। ਵਿਲਮੋਰ ਨੇ ਕਿਹਾ, ‘ਦੇਸ਼ ਦੇ ਨਾਗਰਿਕ ਵਜੋਂ ਅਸੀਂ ਕਈ ਅਹਿਮ ਭੂਮਿਕਾਵਾਂ ਨਿਭਾਉਂਦੇ ਹਾਂ ਅਤੇ ਇਨ੍ਹਾਂ ’ਚੋਂ ਵੋਟ ਪਾਉਣੀ ਵੀ ਇੱਕ ਹੈ।’ -ਪੀਟੀਆਈ