ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਸਤੰਬਰ
ਸਰਬ ਸਾਂਝੀ ਐਕਸ਼ਨ ਕਮੇਟੀ ਅਤੇ ਨਵਜੀਵਨ ਫੈਲਫ਼ੇਅਰ ਸੁਸਾਇਟੀ ਦੇ ਮੈਂਬਰਾਂ ਦਾ ਵਫ਼ਦ ਅੱਜ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਨੂੰ ਮਿਲਿਆ। ਇਸ ਵਿਚ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐਡਵੋਕੇਟ ਸੁਤੰਦਰਦੀਪ ਸਿੰਘ, ਸੂਬੇਦਾਰ ਸ਼ਿਵਦੇਵ ਸਿੰਘ, ਚਰਨ ਸਿੰਘ, ਨਵਨ ਸ਼ਰਮਾ, ਸ਼ਰਨਜੀਤ ਸਿੰਘ ਅਤੇ ਤਨਵੀਰ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਹੈ ਜੋ ਰੋਜ਼ਾਨਾ ਜਰਨੈਲੀ ਸੜਕ, ਬੱਸ ਅੱਡੇ, ਦਾਣਾ ਮੰਡੀ ਅਤੇ ਅਮਲੋਹ ਰੋਡ ’ਤੇ ਸੜਕਾਂ ਉੱਪਰ ਘੁੰਮਦੇ ਰਹਿੰਦੇ ਹਨ। ਇਨ੍ਹਾਂ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਉਨ੍ਹਾਂ ਨਗਰ ਕੌਂਸਲ ਈਓ ਤੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਭੇਜਿਆ ਜਾਵੇ ਅਤੇ ਆਮ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ। ਇਸ ਤੋਂ ਇਲਾਵਾ ਬੇਸਹਾਰਾ ਜਾਨਵਰਾਂ ਨੂੰ ਵੀ ਸਹੀ ਰਹਿਣ ਲਈ ਥਾਂ, ਖਾਣਾ ਅਤੇ ਗਰਮੀ-ਸਰਦੀ ਤੋਂ ਬਚਾਅ ਲਈ ਢੁੱਕਵੀਂ ਥਾਂ ਮਿਲ ਸਕੇ। ਇਸ ਦੌਰਾਨ ਈ.ਓ ਨੇ ਮੌਕੇ ਤੇ ਐਨੀਮਲ ਹਸਬੈਂਡਰੀ ਟੀਮ ਪਟਿਆਲਾ ਅਤੇ ਗੋਬਿੰਦਗੜ੍ਹ ਕਮੇਟੀ ਨੂੰ ਚਿੱਠੀ ਲਿਖ ਕੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ 18 ਸਤੰਬਰ ਤੱਕ ਅਵਾਰਾ ਪਸ਼ੂਆਂ ਨੂੰ ਇੱਕਠਾ ਕਰਕੇ ਗਊਸ਼ਾਲਾ ਭੇਜ ਦਿੱਤਾ ਜਾਵੇਗਾ।