ਸਤਵਿੰਦਰ ਬਸਰਾ
ਲੁਧਿਆਣਾ, 14 ਸਤੰਬਰ
ਸ਼ਹਿਰ ਦੇ ਸਕੂਲਾਂ/ਕਾਲਜਾਂ ਵਿੱਚ ਅੱਜ ਹਿੰਦੀ ਦਿਵਸ ਮੌਕੇ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਥਾਨਕ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ ਵਿਦਿਆਰਥੀਆਂ ਨੇ ਹਿੰਦੀ ਕਵਿਤਾ ਲਿਖਣ, ਲੇਖ ਲਿਖਣ, ਭਾਸ਼ਣ ਆਦਿ ਗਤੀਵਿਧੀਆਂ ਵਿੱਚ ਹਿੱਸਾ ਲਿਆ। ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਹਿੰਦੀ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਖਾਲਸਾ ਕਾਲਜ ਫਾਰ ਵਿਮੈਨ ਵਿੱਚ ਕਰਵਾਏ ਸਮਾਗਮ ’ਚ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਅਤੇ ਡਾਇਰੈਕਟਰ ਮੁਕਤੀ ਗਿੱਲ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਕਰਵਾਈਆਂ ਵੱਖ-ਵੱਖ ਗਤੀਵਿਧੀਆਂ ਵਿੱਚ 80 ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕੈਲੀਗ੍ਰਾਫੀ ਦੇ ਮੁਕਾਬਲੇ ਵਿੱਚ ਰੋਸ਼ਨੀ ਨੇ ਪਹਿਲਾ, ਸਨੇਹਾ ਨੇ ਦੂਜਾ ਅਤੇ ਪੂਜਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਨਾਰਥੀ ਸ਼ਬਦ ਮੁਕਾਬਲੇ ਵਿੱਚੋਂ ਸਲੋਨੀ ਨੇ ਪਹਿਲਾ, ਪੂਜਾ ਨੇ ਦੂਜਾ ਜਦਕਿ ਮੋਨੀ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਮਲਾ ਲੋਹਟੀਆ ਕਾਲਜ ਵਿੱਚ ਕਰਵਾਏ ਸਮਾਗਮ ਦੌਰਾਨ ਪ੍ਰਿੰ. ਡਾ. ਮੁਹੰਮਦ ਸਲੀਮ ਨੇ ਦੱਸਿਆ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਅਗਰਵਾਲ ਨੇ ਹਿੰਦੀ ਦਿਵਸ ’ਤੇ ਸਮਾਗਮ ਕਰਵਾਉਣ ਲਈ ਸਾਰਿਆਂ ਦੀ ਸ਼ਲਾਘਾ ਕੀਤੀ। ਜੀਐਨਕੇਸੀਡਬਲਿਯੂ ਕਾਲਜ, ਮਾਡਲ ਟਾਊਨ ਵਿਖੇ ਕਰਵਾਏ ਸਮਾਗਮ ’ਚ ਦੱਸਿਆ ਕਿ 1949 ਵਿੱਚ ਹਿੰਦੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਵਜੋਂ ਅਪਣਾਏ ਜਾਣ ਦੇ ਸਨਮਾਨ ਵਿੱਚ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਹੈ। ਕਾਲਜ ਦੇ ਹਿੰਦੀ ਵਿਭਾਗ ਵੱਲੋਂ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿੱਚ ਕਵਿਤਾ ਪਾਠ, ਡਾਂਸ ਪੇਸ਼ਕਾਰੀ, ਸਰਸਵਤੀ ਵੰਦਨਾ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਕਾਲਜ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਹਿੰਦੀ ਵਿਭਾਗ ਦੀ ਮੁਖੀ ਆਸ਼ਾ ਵੱਲੋਂ ਵਧੀਆ ਪ੍ਰੋਗਰਾਮ ਕਰਵਾਉਣ ਲਈ ਸ਼ਲਾਘਾ ਕੀਤੀ। ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਕਾਰਜਕਾਰੀ ਪ੍ਰਿੰ. ਡਾ. ਅਜੀਤ ਕੌਰ ਦੀ ਅਗਵਾਈ ਹੇਠ ਹਿੰਦੀ ਵਿਭਾਗ ਦੀ ਪ੍ਰੋਫੈਸਰ ਮਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਸਲੋਗਨ ਲਿਖਣ, ਸੁੰਦਰ ਲਿਖਾਈ, ਕਵਿਤਾ ਉਚਾਰਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਦੇ ਵਿਸ਼ੇ ਹਿੰਦੀ ਦਿਵਸ ’ਤੇ ਕੇਂਦਰਤ ਰਹੇ। ਸਮਾਗਮ ਦੇ ਅਖੀਰ ਵਿੱਚ ਵੱਖ-ਵੱਖ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਆਰੀਆ ਕਾਲਜ ਵਿਖੇ ਵੀ ਹਿੰਦੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ. ਐੱਸਐੱਮ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਹਿੰਦੀ ਪ੍ਰਚਾਰ ਅਤੇ ਪ੍ਰਸਾਰ ਵਿੱਚ ਸਹਾਈ ਸਿੱਧ ਹੋਣਗੇ। ਪ੍ਰਿੰ. ਡਾ. ਸੁਖਸ਼ਮ ਆਹਲੂਵਾਲੀਆ ਨੇ ਕਿਹਾ ਕਿ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਸਰਸਵਤੀ ਨੇ ਹਿੰਦੀ ਨੂੰ ਆਰੀਅਨ ਭਾਸ਼ਾ ਕਿਹਾ ਸੀ ਅਤੇ ਅੱਜ ਵੀ ਹੈ। ਡਾ. ਤਜਿੰਦਰ ਭਾਟੀਆ ਨੇ ਕਿਹਾ ਕਿ ਹਿੰਦੀ ਭਾਸ਼ਾ ਦੀ ਤਰੱਕੀ ਲਈ ਅਜਿਹੇ ਉਪਰਾਲੇ ਜਾਰੀ ਰਹਿਣਗੇ।
ਕਾਲਜ ਵਿੱਚ ਹਿੰਦੀ ਭਾਸ਼ਾ ਦਿਵਸ ਮਨਾਇਆ
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਅੱਜ ਹਿੰਦੀ ਭਾਸ਼ਾ ਦਿਵਸ ਪ੍ਰਿੰਸੀਪਲ ਡਾ. ਸਰਵਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਡਾ. ਲਵਲੀਨ ਬੈਂਸ ਅਤੇ ਪ੍ਰੋ. ਨਵਨੀਤ ਕੌਰ ਨੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਿੰਦੀ ਦਿਵਸ ਭਾਰਤ ਲਈ ਇਕ ਮਹੱਤਵਪੂਰਨ ਦਿਨ ਹੈ ਕਿਉਂਕਿ ਇਸ ਦਿਨ 14 ਸਤੰਬਰ 1949 ਨੂੰ ਸੰਵਿਧਾਨ ਸਭਾ ਵੱਲੋਂ ਹਿੰਦੀ ਭਾਸ਼ਾ ਨੂੰ ਭਾਰਤ ਦੀ ਰਾਜ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਸੀ। ਇਸ ਦੌਰਾਨ ਵਿਦਿਆਰਥੀਆਂ ਵਿਚਕਾਰ ਸਲੋਗਣ ਲੇਖਣ, ਕਵਿਤਾ ਉਚਾਰਨ ਅਤੇ ਪਰਚਾ ਪੜ੍ਹਨ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।