ਪੱਤਰ ਪ੍ਰੇਰਕ
ਜਗਰਾਉਂ, 14 ਸਤੰਬਰ
ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਥਾਣਾ ਸੀਆਈਏ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੇ 11 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਸਬੰਧੀ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਹੈ। ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਬਾਅਦ ਉਹ ਪੁਲੀਸ ਪਾਰਟੀ ਨਾਲ ਪਿੰਡ ਸਿੱਧਵਾਂ ਕਲਾਂ ਕੋਲ ਮੌਜੂਦ ਸੀ। ਇਸ ਦੌਰਾਨ ਪਤਾ ਚੱਲਿਆ ਕਿ ਗੁਰਦਿਤ ਸਿੰਘ ਉਰਫ ਗੋਰਾ ਵਾਸੀ ਦੀਪ ਨਗਰ ਮੰਡੀ ਮੁਲ਼ਾਂਪੁਰ ਤੇ ਜਸਕਰਨਦੀਪ ਸਿੰਘ ਉਰਫ ਜੱਸੂ ਪਿੰਡ ਹਿੱਸੋਵਾਲ ਹਾਲ ਵਾਸੀ ਮੰਡੀ ਮੁਲਾਂਪੁਰ ਅੱਜ ਮੋਟਰਸਾਈਕਲ ਚੋਰੀ ਕਰਕੇ ਜਗਰਾਉਂ ਨੂੰ ਆ ਰਹੇ ਹਨ। ਪੁਲੀਸ ਨੇ ਨਾਕਾਬ ਲਾ ਕੇ ਸਿੱਧਵਾਂ ਕਲਾਂ ਕੋਲੋਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।