ਖੇਤਰੀ ਪ੍ਰਤੀਨਿਧ
ਲੁਧਿਆਣਾ 14 ਸਤੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਇਆ ਗਿਆ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ ਅੱਜ ਪਸ਼ੂ ਪਾਲਣ ਕਿੱਤਿਆਂ ਵਿਚ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਮੁਨਾਫ਼ਾ ਵਧਾਉਣ ਦੇ ਸੁਨੇਹੇ ਨਾਲ ਸਮਾਪਤ ਹੋ ਗਿਆ। ਅੱਜ ਦੂਜੇ ਦਿਨ ਇਨਾਮ ਵੰਡ ਸਮਾਰੋਹ ਮੌਕੇ ਵਧੀਕ ਸਕੱਤਰ, ਪੰਜਾਬ ਸਰਕਾਰ ਡਾ. ਕਮਲ ਕੁਮਾਰ ਗਰਗ ਬਤੌਰ ਮੁੱਖ ਮਹਿਮਾਨ ਅਤੇ ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ, ਪੰਜਾਬ ਕੁਲਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਮੁਨਾਫ਼ੇ ਨੂੰ 25 ਤੋਂ 40 ਫੀਸਦੀ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਤਕ ਪਹੁੰਚਣ ਹਿਤ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਅਤੇ ਕੇਂਦਰਾਂ ਦੀਆਂ ਗਤੀਵਿਧੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਸਾਡੇ ਕੁਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਘਰ ਬੈਠਿਆਂ ਹੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਜਾਵਟੀ ਮੱਛੀਆਂ, ਮੱਛੀਆਂ ਲਈ ਐਕਵੇਰੀਅਮ, ਬੋਤਲ ਬੰਦ ਸੁਗੰਧਿਤ ਦੁੱਧ, ਲੱਸੀ, ਪਨੀਰ, ਮੀਟ ਅਤੇ ਆਂਡਿਆਂ ਦੇ ਆਚਾਰ, ਕੋਫਤੇ, ਪੈਟੀਆਂ, ਬਾਲ ਅਤੇ ਮੱਛੀ ਦੇ ਕੀਮੇ ਤੋਂ ਤਿਆਰ ਕੀਤੀਆਂ ਕਈ ਤਰ੍ਹਾਂ ਦੀਆਂ ਸੁਆਦੀ ਵੰਨਗੀਆਂ ਬਣਾਈਆਂ ਜਾ ਸਕਦੀਆਂ ਹਨ। ਇਸ ਮੌਕੇ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਤਿਆਰ ਕੀਤੇ ਗਏ ਕਈ ਕਿਤਾਬਚੇ ਅਤੇ ਪ੍ਰਕਾਸ਼ਨਾਵਾਂ ਲੋਕ ਅਰਪਣ ਕੀਤੀਆਂ ਗਈਆਂ। ਪਸ਼ੂ ਪਾਲਣ ਮੇਲੇ ਦੌਰਾਨ ਲੱਗੇ ਵੱਖ-ਵੱਖ ਸਟਾਲਾਂ ਵਿੱਚੋਂ ਪਾਰਸ ਨਿਊਟਰੀਸ਼ਨ ਨੂੰ ਪਹਿਲਾ, ਓਲੰਪਿਕ ਓਵਰਸੀਜ਼ ਨੂੰ ਦੂਸਰਾ, ਐੱਸ ਵੈੱਲ ਇੰਜਨੀਅਰਿੰਗ ਨੂੰ ਤੀਸਰਾ ਜਦਕਿ ਅਨਾਇਆ ਫੀਡ ਨੂੰ ਹੌਸਲਾ ਵਧਾਊ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ।
ਯੂਨੀਵਰਸਿਟੀ ਸ਼੍ਰੇਣੀ ਵਿਚ ਕਾਲਜ ਆਫ ਫ਼ਿਸ਼ਰੀਜ਼ ਨੂੰ ਪਹਿਲਾ, ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਨੂੰ ਦੂਜਾ, ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਨੂੰ ਤੀਸਰਾ ਅਤੇ ਸੈਂਟਰ ਫਾਰ ਵਨ ਹੈਲਥ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਨੂੰ ਸਭ ਤੋਂ ਵੱਧ ਧਾਤਾਂ ਦਾ ਚੂਰਾ ਵੇਚਣ ਲਈ ਸਨਮਾਨਿਤ ਕੀਤਾ ਗਿਆ।