ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਸਤੰਬਰ
ਆਲ ਇੰਡੀਆ ਰਾਈਸ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੰਗਰੂਰ ਦੇ ਰਾਈਸ ਮਿੱਲਰਜ਼ ਐਸੋਸੀਏਸ਼ਨ ਸੰਗਰੂਰ ਦਾ ਇਕ ਵਫ਼ਦ ਵਰਿੰਦਰਪਾਲ ਸਿੰਘ ਟੀਟੂ ਪ੍ਰਧਾਨ ਦੀ ਅਗਵਾਈ ਹੇਠ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਮਿਲਿਆ।
ਵਫ਼ਦ ਵੱਲੋਂ ਸ੍ਰੀ ਉਗਰਾਹਾਂ ਨੂੰ ਆਗਾਮੀ ਸੀਜ਼ਨ ਦੌਰਾਨ ਰਾਈਸ ਮਿੱਲਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਉਦਿਆ ਦੱਸਿਆ ਕਿ ਸਮੁੱਚੇ ਰਾਈਸ ਮਿੱਲਰਜ ਵਲੋਂ ਆਉਣ ਵਾਲੇ ਜ਼ੀਰੀ ਦੇ ਸੀਜ਼ਨ 2024-25 ਦਾ ਪੂਰਨ ਤੌਰ ’ਤੇ ਬਾਈਕਾਟ ਕਰ ਦਿੱਤਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਕੀਤੀ ਚੌਲ ਦੀ ਮਿਲਿੰਗ ਦਾ ਸਟਾਕ ਨਹੀਂ ਚੁੱਕਿਆ, ਜਿਸ ਕਾਰਨ ਪੰਜਾਬ ਦੇ ਗੋਦਾਮ ਨੱਕੋ-ਨੱਕ ਭਰੇ ਪਏ ਹਨ। ਇਸ ਕਾਰਨ ਆਉਣ ਵਾਲੇ ਸੀਜ਼ਨ ਦੇ ਚੌਲ ਦਾ ਭੁਗਤਾਨ ਕਰਨ ਦੀ ਜਗ੍ਹਾ ਨਹੀਂ ਹੈ ਜਿਸ ਕਰਕੇ ਉਹ ਜ਼ੀਰੀ ਸਟੋਰ ਕਰਨ ਤੋਂ ਅਸਮੱਰਥ ਹਨ। ਵਫ਼ਦ ਨੇ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਸ਼ੈੱਲਰਾਂ ਜ਼ਰੀਏ ਪੰਜਾਬ ਦੀ ਕਿਸਾਨੀ ਅਤੇ ਆੜ੍ਹਤੀਆਂ ਭਾਈਚਾਰੇ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਪੰਜਾਬ ਇੱਕ ਸਰਹੱਦੀ ਸੂਬਾ ਹੋਣ ਦੇ ਨਾਲ ਨਾਲ ਖੇਤੀ ਪ੍ਰਧਾਨ ਸੂਬਾ ਵੀ ਹੈ, ਜਿਸ ਕੋਲ ਖੇਤੀਬਾੜੀ ਤੋਂ ਇਲਾਵਾ ਆਮਦਨ ਦਾ ਸਾਧਨ ਨਹੀ ਹੈ। ਰਾਈਸ ਮਿੱਲਰਜ਼ ਨੇ ਕਿਹਾ ਕਿ ਉਨ੍ਹਾਂ ਦਾ ਵਪਾਰ ਵੀ ਕਿਸਾਨੀ ਨਾਲ ਜੁੜਿਆ ਹੋਇਆ ਹੈ। ਜੇਕਰ ਸਰਕਾਰਾਂ ਦੇ ਲੋਕ ਮਾਰੂ ਫ਼ੈਸਲੇ ਇਸ ਤਰ੍ਹਾਂ ਹੀ ਆਉਂਦੇ ਰਹਿਣਗੇ ਤਾਂ ਪੰਜਾਬ ਦੇ ਜੁਝਾਰੂ ਲੋਕਾਂ ਨਾਲ ਬਹੁਤ ਵੱਡਾ ਵਿਸ਼ਵਾਸ਼ਘਾਤ ਹੈ।
ਪੰਜਾਬ ਦੇ ਸ਼ੈੱਲਰ ਉਦਯੋਗ, ਆੜ੍ਹਤੀਆ ਭਾਈਚਾਰਾ ਅਤੇ ਕਿਸਾਨ ਮਜਦੂਰਾਂ ਦਾ ਆਪਸੀ ਨਹੁੰ-ਮਾਸ ਦਾ ਰਿਸ਼ਤਾ ਹੈ ਜਿਸ ਨੂੰ ਸਰਕਾਰਾਂ ਖਰਾਬ ਕਰਨਾ ਚਾਹੁੰਦੀਆਂ ਹਨ। ਰਾਈਸ ਮਿੱਲਰਾਂ ਨੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਬੇਨਤੀ ਕੀਤੀ ਕਿ ਸਮੁੱਚੀਆਂ ਆੜ੍ਹਤੀਆ ਐਸੋਸੀਏਸ਼ਨਾਂ ਅਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਸਾਂਝਾ ਐਕਸ਼ਨ ਪਲਾਨ ਤਿਆਰ ਕਰਕੇ ਸਾਰੀਆਂ ਜਥੇਬੰਦੀਆਂ ਦਾ ਇੱਕ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇ ਅਤੇ ਸਰਕਾਰਾਂ ਦੇ ਖ਼ਿਲਾਫ ਸੰਘਰਸ਼ ਦਾ ਬਿਗਲ ਵਜਾਇਆ ਜਾਵੇ। ਇਸ ਮੌਕੇ ਕਮਲ ਮਿੱਤਲ, ਪਰਮਜੀਤ ਸ਼ਰਮਾ, ਸੁਰਜੀਤ ਸਿੰਘ ਢਿੱਲੋਂ, ਬੱਬੂ ਬਾਂਸਲ ਅਤੇ ਹਰਪ੍ਰੀਤ ਸਿੰਘ ਢੀਂਡਸਾ ਹਾਜ਼ਰ ਸਨ।