ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਸਤੰਬਰ
ਪੰਜਾਬ ਸਰਕਾਰ ਨੇ ਪਟਿਆਲਾ ਦੇ ਪ੍ਰਸ਼ਾਸਨ ਦੀ ਕਮਾਨ ਹੁਣ ਔਰਤਾਂ ਦੇ ਹਵਾਲੇ ਕੀਤੀ ਹੈ। ਹੁਣ ਪਟਿਆਲਾ ਦੇ ਹਰ ਸਰਕਾਰੀ ਸਮਾਗਮ ਦਾ ਪ੍ਰਬੰਧ ਮਹਿਲਾ ਅਧਿਕਾਰੀ ਕਰਦੀਆਂ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਮਹਿਲਾ ਅਧਿਕਾਰੀ ਹੀ ਸੁਣ ਕੇ ਹੱਲ ਕਰ ਰਹੀਆਂ ਹਨ। ਪਟਿਆਲਾ ਦੇ ਮੁੱਖ ਪ੍ਰਸ਼ਾਸਨਿਕ ਅਹੁਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਵੀ ਇਕ ਮਹਿਲਾ ਪ੍ਰੀਤੀ ਯਾਦਵ ਨੇ ਸੰਭਾਲ ਲਿਆ ਹੈ।
ਪਟਿਆਲਾ ਦੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰੁਪਿੰਦਰਜੀਤ ਚਾਹਲ ਨਿਆਂ ਪ੍ਰਣਾਲੀ ਦਾ ਕੰਮ ਸੰਭਾਲ ਰਹੇ ਹਨ। ਇਸ ਮਗਰੋਂ ਹੁਣ ਪਟਿਆਲਾ ਵਿੱਚ ਬਹੁਤ ਗਿਣਤੀ ਔਰਤਾਂ ਹੀ ਪ੍ਰਸ਼ਾਸਨ ਦਾ ਕਾਰਜ ਸੰਭਾਲ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਆਈਏਐੱਸ ਪ੍ਰੀਤੀ ਯਾਦਵ ਨੇ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਏਡੀਸੀ ਜਨਰਲ ਕੰਚਨ, ਏਡੀਸੀ ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਨਗਰ ਨਿਗਮ ਸੰਯੁਕਤ ਕਮਿਸ਼ਨਰ ਤੇ ਸੀਏ ਪੁੱਡਾ ਮਨੀਸ਼ਾ ਰਾਣਾ ਆਈਏਐੱਸ, ਏਸੀਏ ਪੀਡੀਏ ਜਸ਼ਨਪ੍ਰੀਤ ਕੌਰ, ਈਓ ਪੁੱਡਾ ਤੇ ਆਰਟੀਓ ਦੀਪ ਜੋਤ ਕੌਰ, ਜ਼ਿਲ੍ਹਾ ਪਰਿਸ਼ਦ ਦੀ ਡਿਪਟੀ ਸੀਈਓ ਕਮ ਸਕੱਤਰ ਅਮਨਪ੍ਰੀਤ ਕੌਰ, ਐੱਸਡੀਐੱਮ ਸਮਾਣਾ ਰਿਚਾ ਗੋਇਲ, ਐੱਸਡੀਐੱਮ ਦੂਧਨਸਾਧਾਂ ਮਨਜੀਤ ਕੌਰ, ਐੱਸਪੀ ਸਥਾਨਕ ਹਰਬੰਤ ਕੌਰ (ਸਪੋਰਟਸ ਗਰਲ), ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ, ਡੀਐੱਫਓ ਵਿਦਿਆ ਸਾਗਰੀ, ਕੰਨੂ ਗਰਗ ਵਧੀਕ ਕਮਿਸ਼ਨਰ ਟੈਕਸੇਸ਼ਨ, ਆਪੋ-ਆਪਣੇ ਵਿਭਾਗ ਵਿੱਚ ਪ੍ਰਸ਼ਾਸਨਿਕ ਕੰਮ ਕਰ ਰਹੀਆਂ ਹਨ।
ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡੀਨ ਅਕਾਦਮਿਕ ਮਾਮਲੇ ਦੇ ਅਹੁਦੇ ’ਤੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਤਾਇਨਾਤ ਹਨ, ਜੋ ਵੀਸੀ ਦੀ ਗੈਰਹਾਜ਼ਰੀ ਵਿਚ ਵੀਸੀ ਦੀਆਂ ਤਾਕਤਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ।