ਪੱਤਰ ਪ੍ਰੇਰਕ
ਮਾਨਸਾ, 14 ਸਤੰਬਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਨਗਰ ਕੌਂਸਲ ਮਾਨਸਾ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਗੰਭੀਰ ਹੋਈ ਹੈ। ਹਾਈ ਕੋਰਟ ਦੀ ਘੁਰਕੀ ਤੋਂ ਬਾਅਦ ਅੱਜ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਸ਼ਹਿਰ ਵਿੱਚ ਮੁਨਿਆਦੀ ਕਰਵਾ ਕੇ 15 ਸਤੰਬਰ ਤੱਕ ਲੋਕਾਂ ਨੂੰ ਨਜਾਇਜ਼ ਕਬਜ਼ੇ ਛੱਡਣ ਲਈ ਕਿਹਾ ਹੈ ਜਿਸ ਤੋਂ ਬਾਅਦ ਕੌਸਲ ਵੱਲੋਂ ਜੇਸੀਬੀ ਲੈ ਕੇ ਇਨ੍ਹਾਂ ਨੂੰ ਹਟਾਉਣ ਦੀ ਮੁਹਿੰਮ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਸ਼ਹਿਰ ਦੇ ਗੁਰਦੁਆਰਾ ਚੌਕ, ਬਾਰਾਂ ਹੱਟਾਂ ਚੌਕ, ਵਾਟਰ ਵਰਕਸ ਰੋਡ ਤੇ ਅਨਾਜ ਮੰਡੀਆਂ ਆਦਿ ਥਾਵਾਂ ’ਤੇ ਨਾਜਾਇਜ਼ ਕਬਜੇ ਲੰਬੇ ਸਮੇਂ ਤੋਂ ਕੀਤੇ ਹੋਏ ਹਨ, ਜਿਨ੍ਹਾਂ ਨੂੰ ਹਟਾਉਣ ਦੀ ਮੁਹਿੰਮ ਤੋਰਨ ਦੀਆਂ ਗੱਲਾਂ ਹੁੰਦੀਆਂ ਰਹੀਆਂ ਹਨ, ਪਰ ਮਾਮਲਾ ਹਮੇਸ਼ਾ ਠੰਡੇ ਬਸਤੇ ਵਿੱਚ ਪੈਂਦਾ ਰਿਹਾ ਹੈ। ਨਗਰ ਕੌਂਸਲ ਦੇ ਇੱਕ ਸਾਬਕਾ ਕੌਂਸਲ ਅਨਿਲ ਕੁਮਾਰ ਜੋਨੀ ਨੇ ਅਦਾਲਤ ’ਚ ਇਨ੍ਹਾਂ ਉਸਾਰੀਆਂ ਖਿਲਾਫ਼ ਮਾਮਲਾ ਚੁੱਕਿਆ ਸੀ, ਪਰ ਇਸ ਮਾਮਲੇ ਲਈ ਕਦੇ ਵਿਭਾਗ ਵੱਲੋਂ ਮੁਹਿੰਮ ਪੱਕੇ ਪੈਰੀਂ ਨਹੀਂ ਵਿੱਢੀ ਗਈ।
ਕਾਰਜ ਸਾਧਕ ਅਫ਼ਸਰ ਸੰਜੇ ਬਾਂਸਲ ਨੇ ਕਿਹਾ ਕਿ ਕੌਂਸਲ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਵਿੱਢੀ ਗਈ ਹੈ ਅਤੇ ਨਾਜਾਇਜ਼ ਕਬਜ਼ਿਆਂ ਲਈ ਕਿਸੇ ਨਾਲ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।