ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 14 ਸਤੰਬਰ
ਇੱਥੇ ਅੱਜ ਦੁਪਹਿਰ 1 ਵਜੇ ਦੇ ਕਰੀਬ ਲੱਖੀ ਕਲੋਨੀ ਦੀ ਗਲੀ ਨੰਬਰ 7 ਨੇੜੇ ਦੁਕਾਨ ਕਰਦੇ ਮਦਨ ਜੈਨ ਦੀ ਦੁਕਾਨ ’ਚੋਂ ਇੱਕ ਲੁਟੇਰਾ ਮੋਬਾਈਲ ਚੁੱਕ ਕੇ ਫਰਾਰ ਹੋ ਗਿਆ। ਪੀੜਤ ਮਦਨ ਜੈਨ ਨੇ ਦੱਸਿਆ ਕਿ ਉਹ ਹੱਥ ਧੋਣ ਲਈ ਅੰਦਰ ਗਿਆ ਸੀ ਕਿ ਐਨੀ ਦੇਰ ’ਚ ਹੀ ਲੁਟੇਰਾ ਦੁਕਾਨ ਦੇ ਕਾਊਂਟਰ ’ਤੇ ਪਿਆ ਮਹਿੰਗਾ ਮੋਬਾਈਲ ਚੁੱਕਕੇ ਫਰਾਰ ਹੋ ਗਿਆ। ਲੱਖੀ ਕਲੋਨੀ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨੇ ਤੋਂ ਕਲੋਨੀ ’ਚ ਲੰਘਦੇ ਰਜਵਾਹੇ ਨੂੰ ਬੰਦ ਕਰਕੇ ਫਰਸ਼ ਲਾ ਕੇ ਸੈਰਗਾਹ ਲਈ ਬਣਾਇਆ ਗਿਆ ਸੀ, ਪਰ ਸੈਰਗਾਹ ਤਾਂ ਦੂਰ ਦੀ ਗੱਲ ਹਰ ਵੇਲੇ ਰਸਤੇ ’ਤੇ ਅਣਜਾਣ ਨੌਜਵਾਨਾਂ ਦਾ ਜਮਵਾੜਾ ਲੱਗਿਆ ਰਹਿੰਦਾ ਹੈ। ਪੁਲੀਸ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਪੁਲੀਸ ਵੱਲੋਂ ਕੀਤੀ ਜਾਂਦੀ ਗਸ਼ਤ ਵੀ ਕਈ ਮਹੀਨੇ ਤੋਂ ਬੰਦ ਪਈ ਹੈ। ਇਸ ਸਬੰਧੀ ਜਦੋਂ ਥਾਣਾ ਸਿਟੀ 2 ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਫੜ ਲਿਆ ਜਾਵੇਗਾ।